ਬਨੂੜ, 22 ਫਰਵਰੀ (ਭੁਪਿੰਦਰ ਸਿੰਘ)-ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੀ 350 ਸਾਲਾ ਸ਼ਹੀਦੀ ਸ਼ਤਾਬਦੀ ਅਤੇ ਅਮਰ ਸ਼ਹੀਦ ਬਾਬਾ ਅਮਰਜੀਤ ਸਿੰਘ, ਅਮਰ ਸ਼ਹੀਦ ਬਾਬਾ ਜੰਗ ਸਿੰਘ ਦੀ ਮਿੱਠੀ ਯਾਦ ਨੂੰ ਸਮਰਪਿਤ ਗੁਰਦੁਆਰਾ ਸਿੰਘ ਸ਼ਹੀਦਾਂ ਪਿੰਡ ਮੋਹੀ ਖ਼ੁਰਦ ਵਿਖੇ ਤਿੰਨ ਦਿਨਾਂ ਸਾਲਾਨਾ ਜੋੜ ਮੇਲ ਕਰਵਾਇਆ ਗਿਆ | ਸਮਾਗਮ ਦੇ ਅਖੀਰਲੇ ਦਿਨ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਪਾਠਾਂ ਦੇ ਭੋਗ ਪਾਉਣ ਉਪਰੰਤ ਕੀਰਤਨ ਦਰਬਾਰ ਕਰਵਾਇਆ ਗਿਆ | ਜਿਸ ਵਿਚ ਜਥੇਦਾਰ ਅਵਤਾਰ ਸਿੰਘ ਸੰਪਰਦਾਏ ਬਾਬਾ ਬਿਧੀ ਚੰਦ, ਕਾਰ ਸੇਵਾ ਵਾਲੇ ਬਾਬਾ ਅਮਰੀਕ ਸਿੰਘ ਪਟਿਆਲਾ ਵਾਲੇ, ਬਾਬਾ ਹਰਬੰਸ ਸਿੰਘ ਅੰਬਾਲਾ ਵਾਲੇ, ਗਿਆਨੀ ਵਰਿਆਮ ਸਿੰਘ ਦਮਦਮੀ ਟਕਸਾਲ, ਬਾਬਾ ਦਲਜੀਤ ਸਿੰਘ ਜਲਾਲਪੁਰਵਾਲੇ, ਢਾਡੀ ਲਖਵਿੰਦਰ ਸਿੰਘ ਪਾਰਸ ਤੋਂ ਇਲਾਵਾ ਹੋਰ ਰਾਗੀ ਢਾਡੀ ਜਥਿਆਂ ਨੇ ਪਹੁੰਚ ਕੇ ਆਪਣੇ ਕਥਾ ਕੀਰਤਨ ਅਤੇ ਗੁਰਮਤਿ ਵਿਚਾਰਾਂ ਰਾਹੀਂ ਸਮਾਗਮ ਵਿਚ ਪਹੁੰਚੀਆਂ ਸੰਗਤਾਂ ਨੂੰ ਗੁਰੂ ਚਰਨਾਂ ਨਾਲ ਜੋੜਿਆ | ਇਸ ਮੌਕੇ ਉਨ੍ਹਾਂ ਸਮਾਗਮ ਵਿਚ ਪਹੰੁਚੀਆਂ ਸੰਗਤਾਂ ਨੂੰ ਭੈੜੀਆਂ ਕੁਰੀਤੀਆਂ ਤੋਂ ਬਚਣ ਲਈ ਬਾਣੀ ਤੇ ਬਾਣੇ ਦੇ ਧਾਰਨੀ ਹੋਣ ਦੀ ਅਪੀਲ ਕੀਤੀ | ਸੰਤਾਂ ਮਹਾਂਪੁਰਸ਼ਾਂ ਨੇ ਕਿਹਾ ਕਿ ਇਹ ਇਤਿਹਾਸਿਕ ਸਥਾਨ ਅਮਰ ਸ਼ਹੀਦ ਬਾਬਾ ਅਮਰਜੀਤ ਸਿੰਘ ਅਤੇ ਬਾਬਾ ਜੰਗ ਸਿੰਘ ਦੀ ਯਾਦ ਵਿਚ ਬਣਾਇਆ ਗਿਆ ਹੈ | ਜਿਨ੍ਹਾਂ ਦੀ ਸ਼ਹੀਦੀ ਬਾਰੇ ਸੰਗਤਾਂ ਨੂੰ ਵਿਸਥਾਰ ਨਾਲ ਜਾਣੂ ਕਰਵਾਇਆ | ਇਸ ਸਮਾਗਮ ਦੌਰਾਨ ਸਿਮਿਰਤਾ ਨਰਸਿੰਗ ਹੋਮ ਰਾਜਪੁਰਾ ਤੋਂ ਡਾਕਟਰਾਂ ਦੀ ਟੀਮ ਵਲੋਂ ਖ਼ੂਨ ਦਾਨ ਅਤੇ ਮੁਫ਼ਤ ਮੈਡੀਕਲ ਚੈੱਕਅਪ ਕੈਂਪ ਵੀ ਲਗਾਇਆ ਗਿਆ | ਜਿਸ ਦੌਰਾਨ ਡਾਕਟਰਾਂ ਦੀ ਟੀਮ ਨੇ 38 ਖ਼ੂਨਦਾਨੀਆਂ ਤੋਂ ਖ਼ੂਨ ਇਕੱਤਰ ਕੀਤਾ ਅਤੇ 150 ਦੇ ਕਰੀਬ ਮਰੀਜ਼ਾਂ ਦਾ ਮੁਫ਼ਤ ਨਿਰੀਖਣ ਕਰਨ ਉਪਰੰਤ ਦਵਾਈਆਂ ਮੁਫ਼ਤ ਵੰਡੀਆਂ | ਇਸ ਖ਼ੂਨਦਾਨ ਕੈਂਪ ਦੌਰਾਨ ਗੁਰਦੁਆਰਾ ਸਿੰਘ ਸ਼ਹੀਦਾਂ ਖ਼ਾਲਸਾ ਸੇਵਾ ਸੋਸਾਇਟੀ ਦੇ ਪ੍ਰਬੰਧਕਾਂ ਨੇ ਕਿਹਾ ਕਿ ਹਰੇਕ ਤੰਦਰੁਸਤ ਵਿਅਕਤੀ ਨੂੰ ਖ਼ੂਨਦਾਨ ਜ਼ਰੂਰ ਕਰਨਾ ਚਾਹੀਦਾ ਹੈ ਤਾਂ ਜੋ ਇਸ ਇਕੱਤਰ ਖ਼ੂਨ ਨਾਲ ਲੋੜਵੰਦ ਲੋਕਾਂ ਦੀ ਜਾਨ ਬਚਾਈ ਜਾ ਸਕੇ | ਕਥਾ ਕੀਰਤਨੀਆਂ, ਰਾਗੀ ਸਿੰਘਾਂ ਅਤੇ ਢਾਡੀ ਜਥਿਆਂ ਨੂੰ ਸਮਾਗਮ ਦੇ ਪ੍ਰਬੰਧਕਾਂ ਵਲੋਂ ਸਿਰੋਪਾਉ ਦੇ ਕੇ ਸਨਮਾਨਿਤ ਵੀ ਕੀਤਾ ਗਿਆ | ਸਮਾਗਮ ਦੌਰਾਨ ਤਿੰਨੇ ਦਿਨ ਵੱਖ-ਵੱਖ ਤਰ੍ਹਾਂ ਦੇ ਲੰਗਰ ਅਤੁੱਟ ਵਰਤਾਏ ਗਏ | ਇਸ ਮੌਕੇ ਬਾਬਾ ਹਰਬੰਸ ਸਿੰਘ, ਬਾਬਾ ਤਲਵਿੰਦਰ ਸਿੰਘ,ਹਰਵਿੰਦਰ ਸਿੰਘ, ਦਲਜੀਤ ਸਿੰਘ ਬਿੱਲੂ, ਨਿਰਮਲ ਸਿੰਘ, ਪਰਵਿੰਦਰ ਸਿੰਘ, ਗੁਰਸੇਵਕ ਸਿੰਘ, ਜਸਪ੍ਰੀਤ ਸਿੰਘ, ਜਗਮੋਹਣ ਸਿੰਘ, ਗੁਰਵਿੰਦਰ ਸਿੰਘ, ਰਣਧੀਰ ਸਿੰਘ, ਕਿਰਪਾਲ ਸਿੰਘ, ਨਰਿੰਦਰ ਸਿੰਘ ਤੋਂ ਇਲਾਵਾ ਗੁਰਦੁਆਰਾ ਸਿੰਘ ਸ਼ਹੀਦਾਂ ਖ਼ਾਲਸਾ ਸੇਵਾ ਸੁਸਾਇਟੀ ਮੋਹੀ ਖ਼ੁਰਦ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਮੋਹੀ ਖ਼ੁਰਦ ਦੇ ਸਮੂਹ ਅਹੁਦੇਦਾਰ, ਨਗਰ ਨਿਵਾਸੀ ਅਤੇ ਇਲਾਕੇ ਦੇ ਪਿੰਡਾਂ ਦੀ ਸੰਗਤ ਹਾਜ਼ਰ ਸੀ |