ਸਨੌਰ, 24 ਫਰਵਰੀ (ਸੋਖਲ)-ਹਲਕਾ ਸਨੌਰ ਵਿਚ ਇਸ ਸਮੇਂ ਜਿੱਥੇ ਵੱਖ-ਵੱਖ ਰਿਵਾਇਤੀ ਪਾਰਟੀਆਂ ਵਲੋਂ ਆਪਣੀਆਂ ਸਰਗਰਮੀਆਂ ਤੇਜ਼ ਕਰਦਿਆਂ ਮੀਟਿੰਗਾਂ ਅਤੇ ਦੌਰੇ ਕੀਤੇ ਜਾ ਰਹੇ ਹਨ, ਉੱਥੇ ਹੀ ਸਾਬਕਾ ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ ਦੇ ਹੱਕ ਵਿਚ ਵਧ ਰਹੀ ਲੋਕ ਹਮਾਇਤ ਵੀ ਚਰਚਾ ਦਾ ਕੇਂਦਰ ਬਣੀ ਹੋਈ ਹੈ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸਨੌਰ ਦੇ ਸੀਨੀਅਰ ਆਗੂ ਜਸਪਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਹਲਕੇ ਦੇ ਕਈ ਪਰਿਵਾਰਾਂ, ਨੌਜਵਾਨਾਂ ਅਤੇ ਪੁਰਾਣੇ ਵਰਕਰਾਂ ਵਲੋਂ ਰਿਵਾਇਤੀ ਪਾਰਟੀਆਂ ਨੂੰ ਛੱਡ ਕੇ ਮੁੜ ਚੰਦੂਮਾਜਰਾ ਨਾਲ ਜੁੜਨ ਦਾ ਸਿਲਸਿਲਾ ਲਗਾਤਾਰ ਜਾਰੀ ਹੈ | ਉਨ੍ਹਾਂ ਦਾਅਵਾ ਕੀਤਾ ਕਿ ਲੋਕ ਇਲਾਕੇ ਦੇ ਵਿਕਾਸ, ਸਾਫ਼-ਸੁਥਰੀ ਛਵੀ ਅਤੇ ਪਿਛਲੇ ਕਾਰਜਕਾਲ ਦੌਰਾਨ ਕਰਵਾਏ ਕੰਮਾਂ ਨੂੰ ਯਾਦ ਕਰਦੇ ਹੋਏ ਦੁਬਾਰਾ ਉਨ੍ਹਾਂ 'ਤੇ ਭਰੋਸਾ ਜਤਾ ਰਹੇ ਹਨ | ਰੰਧਾਵਾ ਨੇ ਕਿਹਾ ਕਿ ਚੰਦੂਮਾਜਰਾ ਨੇ ਵਿਧਾਇਕ ਹੁੰਦਿਆਂ ਸੜਕਾਂ, ਪਾਣੀ ਸਪਲਾਈ, ਸਿੱਖਿਆ ਅਤੇ ਹੋਰ ਬੁਨਿਆਦੀ ਸਹੂਲਤਾਂ ਵੱਲ ਖਾਸ ਧਿਆਨ ਦਿੱਤਾ ਸੀ | ਇਸ ਕਾਰਨ ਹੀ ਅੱਜ ਵੀ ਲੋਕ ਉਨ੍ਹਾਂ ਨਾਲ ਜੁੜਨ ਨੂੰ ਤਰਜੀਹ ਦੇ ਰਹੇ ਹਨ | ਉਨ੍ਹਾਂ ਦੱਸਿਆ ਕਿ ਆਉਣ ਵਾਲੇ ਦਿਨਾਂ ਵਿਚ ਕਈ ਹੋਰ ਪਿੰਡਾਂ ਵਿਚ ਮੀਟਿੰਗਾਂ ਕਰਕੇ ਲੋਕਾਂ ਨਾਲ ਸਿੱਧਾ ਸੰਪਰਕ ਕੀਤਾ ਜਾਵੇਗਾ | ਉਨ੍ਹਾਂ ਇਹ ਵੀ ਕਿਹਾ ਕਿ ਹਲਕੇ ਦੀ ਜਨਤਾ ਹੁਣ ਵਾਅਦਿਆਂ ਦੀ ਬਜਾਏ ਕੰਮ ਦੇ ਆਧਾਰ 'ਤੇ ਫੈਸਲਾ ਕਰਨ ਦੇ ਮੂਡ ਵਿਚ ਹੈ |