ਪਟਿਆਲਾ, 25 ਫਰਵਰੀ (ਮਨਦੀਪ ਸਿੰਘ ਖਰੌੜ)-ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਨੂੰ ਪਨਾਹ ਦੇਣ ਦੇ ਕੇਸ 'ਚ ਅਗਾਊਾ ਜ਼ਮਾਨਤ ਲੈਣ ਤੋਂ ਬਾਅਦ ਹਰਜਸ਼ਨ ਸਿੰਘ ਪਠਾਣਮਾਜਰਾ ਸਮੇਤ ਵਕੀਲ ਬੀ. ਐੱਸ. ਭੁੱਲਰ ਥਾਣਾ ਸਿਵਲ ਲਾਈਨ 'ਚ ਕੇਸ ਦੀ ਤਫਤੀਸ਼ 'ਚ ਸ਼ਾਮਲ ਹੋਣ ਲਈ ਪਹੁੰਚੇ, ਪਰ ਪੁਲਿਸ ਅੱਜ ਕਿਸੇ ਕਾਰਨਾਂ ਕਰ ਕੇ ਮਸ਼ਰੂਫ਼ ਹੋਣ ਕਾਰਨ ਉਨ੍ਹਾਂ ਨੂੰ ਆਪਣਾ ਬਿਆਨ ਦਰਜ ਕਰਨ ਲਈ ਦੁਬਾਰਾ ਤੋਂ ਪੁਲਿਸ ਵਲੋਂ ਬੁਲਾਏ ਜਾਣ ਲਈ ਕਿਹਾ ਗਿਆ ਹੈ | ਭਾਵੇਂ ਕਿ ਇਸ ਸੰਬੰਧੀ ਕਿਸੇ ਵੀ ਸਰਕਾਰੀ ਅਧਿਕਾਰੀ ਨੇ ਚੁੱਪੀ ਨਹੀਂ ਤੋੜੀ ਹੈ ਜਦਕਿ ਸੂਤਰਾਂ ਦਾ ਕਹਿਣਾ ਹੈ ਕਿ ਪਠਾਣਮਾਜਰਾ ਦੇ ਪੁੱਤਰ ਨੂੰ 174 ਨੰਬਰ ਐਫ.ਆਈ.ਆਰ. ਦੇ ਮਾਮਲੇ 'ਚ ਤਫਤੀਸ਼ 'ਚ ਸ਼ਾਮਿਲ ਹੋਣ ਲਈ ਬੁਲਾਇਆ ਗਿਆ ਹੈ | ਇਸ ਕੇਸ 'ਚ ਵਿਧਾਇਕ ਦੇ ਪੁੱਤਰ ਦੀ ਅਗਾਊਾ ਜ਼ਮਾਨਤ ਹਾਈਕੋਰਟ ਤੋਂ ਮਿਲਣ ਉਪਰੰਤ ਅਦਾਲਤ ਦੇ ਹੁਕਮਾਂ ਅਨੁਸਾਰ ਹਰਜਸ਼ਨ ਸਿੰਘ ਪਠਾਣਮਾਜਰਾ ਉਕਤ ਕੇਸ 'ਚ ਤਫਤੀਸ਼ 'ਚ ਸ਼ਾਮਲ ਹੋਣ ਲਈ ਕਿਹਾ ਗਿਆ ਹੈ | ਜਿਸ ਤਹਿਤ ਉਹ ਥਾਣਾ ਸਿਵਲ ਲਾਈਨ 'ਚ ਆਪਣਾ ਪੱਖ ਰੱਖਣ ਲਈ ਗਏ ਸੀ ਪਰ ਪੁਲਿਸ ਹੋਰ ਕੰਮਾਂ 'ਚ ਮਸ਼ਰੂਫ ਹੋਣ ਕਾਰਨ ਉਨ੍ਹਾਂ ਦੇ ਬਿਆਨ ਕਲਮਬੰਦ ਨਹੀਂ ਹੋ ਸਕੇ | ਦਸਣਯੋਗ ਹੈ ਕਿ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਦੇ ਖ਼ਿਲਾਫ਼ 1 ਸਤੰਬਰ ਨੂੰ ਜਬਰ ਜਨਾਹ ਦਾ ਕੇਸ ਦਰਜ ਹੋਣ ਤੋਂ ਬਾਅਦ ਵਿਧਾਇਕ ਨੂੰ ਪਨਾਹ ਦੇਣ ਦੇ ਮਾਮਲੇ 'ਚ ਥਾਣਾ ਸਿਵਲ ਲਾਈਨ ਦੀ ਪੁਲਿਸ ਨੇ 8 ਵਿਅਕਤੀਆਂ ਦੇ ਖ਼ਿਲਾਫ਼ ਕੇਸ ਦਰਜ ਕੀਤਾ ਸੀ | ਇਸ ਕੇਸ 'ਚ ਜਿਹੜੇ ਵਿਅਕਤੀ ਗਿ੍ਫ਼ਤਾਰ ਹੋ ਚੁੱਕੇ ਸੀ ਉਨ੍ਹਾਂ ਦੀ ਜ਼ਮਾਨਤ ਸਥਾਨਕ ਅਦਾਲਤ ਵਲੋਂ ਮਨਜ਼ੂਰ ਕੀਤੀ ਗਈ ਸੀ ਤੇ ਜਿਹੜੇ ਮੁਲਜ਼ਮ ਇਸ ਕੇਸ 'ਚ ਉਸ ਦੀ ਗਿ੍ਫ਼ਤ ਤੋਂ ਬਾਹਰ ਸੀ ਉਨ੍ਹਾਂ ਨੂੰ ਅਗਾਊਾ ਜ਼ਮਾਨਤ ਮਾਨਯੋਗ ਹਾਈਕੋਰਟ ਤੋਂ ਮਿਲੀ ਹੈ |