ਪਟਿਆਲਾ, 25 ਫਰਵਰੀ (ਮਨਦੀਪ ਸਿੰਘ ਖਰੌੜ)-ਬਰਨਾਲਾ ਦੇ ਰਹਿਣ ਵਾਲੇ ਇਕ ਵਿਅਕਤੀ ਨੇ ਦੋਸ਼ ਲਗਾਇਆ ਕਿ ਉਸ ਦੇ ਲੜਕੇ ਨੂੰ ਵਿਦੇਸ਼ ਭੇਜਣ ਲਈ ਤਿੰਨ ਵਿਅਕਤੀਆਂ ਨੇ ਉਸ ਨਾਲ ਤਿੰਨ ਲੱਖ 32 ਹਜ਼ਾਰ ਰੁਪਏ ਦੀ ਠੱਗੀ ਮਾਰੀ ਹੈ, ਜਿਸ ਆਧਾਰ 'ਤੇ ਥਾਣਾ ਕੋਤਵਾਲੀ ਦੀ ਪੁਲਿਸ ਨੇ ਰਣਜੀਤ ਸਿੰਘ, ਦੋ ਔਰਤਾਂ ਅਤੇ ਰਾਜਦੀਪ ਸਿੰਘ ਵਾਸੀਅਨ ਜ਼ਿਲ੍ਹਾ ਪਟਿਆਲਾ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ | ਉਕਤ ਸ਼ਿਕਾਇਤ ਸੁਮਨਦੀਪ ਕੌਰ ਵਾਸੀਅਨ ਜ਼ਿਲ੍ਹਾ ਬਰਨਾਲਾ ਨੇ ਪੁਲਿਸ ਕੋਲ ਦਰਜ ਕਰਵਾਈ ਕਿ ਉਕਤ ਮੁਲਜ਼ਮਾਂ ਨੇ ਉਸ ਨੂੰ ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ 12 ਲੱਖ ਤੋਂ ਵਧ ਪੈਸੇ ਲਏ ਅਤੇ ਬਾਅਦ 'ਚ ਮੁਲਜ਼ਮਾਂ ਨੇ ਉਸ ਨੂੰ ਵਿਦੇਸ਼ ਨਹੀਂ ਭੇਜਿਆ ਅਤੇ ਉਸ ਦੇ 9 ਲੱਖ ਰੁਪਏ ਵਾਪਸ ਕਰ ਦਿੱਤੇ ਅਤੇ ਬਾਕੀ ਬਚਦੀ 3 ਲੱਖ ਤੋਂ ਵਧ ਦੀ ਰਕਮ ਵਾਪਸ ਨਹੀਂ ਕੀਤੀ | ਇਸ ਮਾਮਲੇ ਦੀ ਪੜਤਾਲ ਕਰਨ ਤੋਂ ਬਾਅਦ ਪੁਲਿਸ ਨੇ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |