ਘਨੌਰ, 25 ਫਰਵਰੀ (ਸਰਦਾਰਾ ਸਿੰਘ ਲਾਛੜੂ)-ਪੰਜਾਬ ਐਗਰੋ ਦੀ ਸਹਾਇਕ ਸੰਸਥਾ 'ਪੰਜਾਬ ਐਗਰੀ ਐਕਸਪੋਰਟ ਕਾਰਪੋਰੇਸ਼ਨ ਲਿਮਟਿਡ' (ਪੈਗਰੈਕਸਕੋ) ਵਲੋਂ ਸੂਬੇ 'ਚ ਜਹਿਰ-ਮੁਕਤ ਅਤੇ ਜੈਵਿਕ ਖੇਤੀ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਵਿੱਢੀ ਗਈ ਮੁਹਿੰਮ ਤਹਿਤ ਪਿੰਡ ਮਰਦਾਂਪੁਰ ਵਿਖੇ ਅਗਾਂਹ ਵਧੂ ਕਿਸਾਨ ਕੁਲਵਿੰਦਰ ਸਿੰਘ, ਜ਼ਿਲ੍ਹਾ ਸੁਪਰਵਾਈਜ਼ਰ ਮਨਪ੍ਰੀਤ ਸਿੰਘ, ਫ਼ੀਲਡ ਅਫ਼ਸਰ ਪਟਿਆਲਾ ਪੰਜਾਬ ਐਗਰੋ ਗੁਰਮੀਤ ਸਿੰਘ ਦੀ ਅਗਵਾਈ 'ਚ ਸਿਖਲਾਈ ਅਤੇ ਜਾਗਰੂਕਤਾ ਕੈਂਪ ਲਗਾਇਆ ਗਿਆ | ਇਸ ਕੈਂਪ 'ਚ ਇਲਾਕੇ ਦੇ ਲਗਭਗ 120 ਕਿਸਾਨਾਂ ਨੇ ਬੜੇ ਉਤਸ਼ਾਹ ਨਾਲ ਸ਼ਿਰਕਤ ਕੀਤੀ | ਕੈਂਪ ਦੌਰਾਨ ਪੈਗਰੈਕਸਕੋ ਦੇ ਅਧਿਕਾਰੀਆਂ ਨੇ ਮੌਜੂਦਾ ਸਮੇਂ ਦੀਆਂ ਵਾਤਾਵਰਣੀ ਚੁਨੌਤੀਆਂ ਅਤੇ ਸਿਹਤ ਸੰਬੰਧੀ ਗੰਭੀਰ ਮਸਲਿਆਂ ਨੂੰ ਮੁੱਖ ਰੱਖਦਿਆਂ ਜੈਵਿਕ ਖੇਤੀ ਦੀ ਮਹੱਤਤਾ 'ਤੇ ਵਿਸਥਾਰ ਨਾਲ ਚਾਨਣਾ ਪਾਇਆ | ਉਨ੍ਹਾਂ ਦੱਸਿਆ ਕਿ ਸੰਸਥਾ ਵਲੋਂ ਕਿਸਾਨਾਂ ਨੂੰ ਜੈਵਿਕ ਖੇਤੀ ਪ੍ਰਮਾਣੀਕਰਨ ਅਤੇ ਖੇਤਾਂ ਦੇ ਨਿਰੀਖਣ ਦੀਆਂ ਸਹੂਲਤਾਂ ਬਿਲਕੁਲ ਮੁਫ਼ਤ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ | ਇਸ ਤੋਂ ਇਲਾਵਾ ਕਿਸਾਨ ਉਤਪਾਦਕ ਸੰਸਥਾਵਾਂ ਦੀ ਰਜਿਸਟ੍ਰੇਸ਼ਨ ਅਤੇ ਉਤਪਾਦਾਂ ਦੀ ਟਰੇਸਬਿਲਿਟੀ ਵਰਗੇ ਅਹਿਮ ਉਪਰਾਲਿਆਂ ਬਾਰੇ ਵੀ ਕਿਸਾਨਾਂ ਨੂੰ ਜਾਣੂ ਕਰਵਾਇਆ ਗਿਆ ਤਾਂ ਜੋ ਉਹ ਆਪਣੀ ਫ਼ਸਲ ਦਾ ਵਧੀਆ ਮੁੱਲ ਲੈ ਸਕਣ | ਕੈਂਪ 'ਚ ਵਿਸ਼ੇਸ਼ ਤੌਰ 'ਤੇ ਪਹੁੰਚੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ 'ਸਕੂਲ ਆਫ ਜੈਵਿਕ ਖੇਤੀ'+ਦੇ ਮੁਖੀ ਸੋਹਨ ਸਿੰਘ ਵਾਲੀਆ ਅਤੇ ਪੌਧ ਰੋਗ ਵਿਗਿਆਨ ਦੇ ਮਾਹਿਰ ਡਾਕਟਰਾਂ ਨੇ ਕਿਸਾਨਾਂ ਨੂੰ ਤੇਲ-ਬੀਜ ਫ਼ਸਲਾਂ (ਜਿਵੇਂ ਕਿ ਸਰ੍ਹੋਂ ਆਦਿ) ਬੀਜਣ ਲਈ ਪ੍ਰੇਰਿਤ ਕੀਤਾ | ਖੇਤੀਬਾੜੀ ਵਿਭਾਗ ਦੇ ਮੁੱਖ ਖੇਤੀਬਾੜੀ ਅਫ਼ਸਰ ਪ੍ਰਕਾਸ਼ ਸਿੰਘ ਅਤੇ ਸਹਾਇਕ ਅਧਿਕਾਰੀਆਂ ਨੇ ਵੀ ਕਿਸਾਨਾਂ ਨੂੰ ਜੈਵਿਕ ਖੇਤੀ ਦੀਆਂ ਬਾਰੀਕੀਆਂ ਅਤੇ ਵਿਭਾਗੀ ਸਕੀਮਾਂ ਬਾਰੇ ਤਕਨੀਕੀ ਮਾਰਗਦਰਸ਼ਨ ਦਿੱਤਾ | ਇਸ ਮੌਕੇ ਹਾਜ਼ਰ ਕਿਸਾਨਾਂ ਨੇ ਪ੍ਰਣ ਲਿਆ ਕਿ ਉਹ ਆਪਣੇ ਘਰੇਲੂ ਵਰਤੋਂ ਲਈ ਸਬਜ਼ੀਆਂ ਅਤੇ ਹੋਰ ਫ਼ਸਲਾਂ ਨੂੰ ਜੈਵਿਕ ਢੰਗ ਨਾਲ ਉਗਾਉਣਗੇ ਅਤੇ ਆਪਣੇ-ਆਪ ਨੂੰ ਜੈਵਿਕ ਖੇਤੀ ਅਧੀਨ ਪ੍ਰਮਾਣਿਤ ਕਰਵਾਉਣਗੇ | ਇਸ ਮੌਕੇ ਸਾਬਕਾ ਸਰਪੰਚ ਲਾਲ ਸਿੰਘ, ਸਰਪੰਚ ਮੇਹਰ ਸਿੰਘ ,ਬਲਾਕ ਪ੍ਰਧਾਨ ਸੰਦੀਪ ਸਿੰਘ ਬੈਦਵਾਨ, ਮਹਿੰਦਰ ਸਿੰਘ, ਗੁਰਮੀਤ ਸਿੰਘ, ਕਿਰਪਾਲ ਸਿੰਘ, ਬੀਕੇਯੂ ਕ੍ਰਾਂਤੀਕਾਰੀ ਬਲਾਕ ਪ੍ਰਧਾਨ ਗੁਰਸੇਵਕ ਸਿੰਘ ਸੰਧਾਰਸੀ, ਮੈਂਬਰ ਪੰਚਾਇਤ ਗੁਰਮੀਤ ਸਿੰਘ, ਹਰਮੇਲ ਸਿੰਘ, ਹਰਮੇਸ਼ ਸਿੰਘ, ਮੇਜਰ ਸਿੰਘ ਸਮੇਤ ਇਲਾਕਾ ਨਿਵਾਸੀ ਹਾਜ਼ਰ ਸਨ |