ਰਾਜਪੁਰਾ, 25 ਫਰਵਰੀ (ਰਣਜੀਤ ਸਿੰਘ)-ਪੰਜਾਬ ਵਿਚ ਬਰਨਾਲਾ ਵਿਖੇ ਲੋਕ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਦੀ ਰੈਲੀ ਮੌਕੇ ਰਿਕਾਰਡ ਤੋੜ ਇਕੱਠ ਕੀਤਾ ਜਾਵੇਗਾ ਅਤੇ ਪੰਜਾਬ ਦੇ ਹਰ ਜ਼ਿਲੇ੍ਹ ਵਿਚ ਪਾਰਟੀ ਵਰਕਰ ਵੱਡੀ ਗਿਣਤੀ 'ਚ ਪਹੁੰਚ ਰਹੇ ਹਨ, ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸਾਬਕਾ ਵਿਧਾਇਕ ਹਰਦਿਆਲ ਸਿੰਘ ਕੰਬੋਜ ਨੇ 28 ਫਰਵਰੀ ਨੰੂ ਬਰਨਾਲਾ ਵਿਖੇ ਹੋਣ ਜਾ ਰਹੀ ਰੈਲੀ ਸੰਬੰਧੀ ਵੱਖ ਵੱਖ ਪਿੰਡਾਂ ਵਿਚ ਕੀਤੇ ਜਾ ਰਹੇ ਇਕੱਠਾਂ ਨੂੰ ਸੰਬੋਧਨ ਕਰਦਿਆਂ ਕੀਤਾ | ਹਰਦਿਆਲ ਸਿੰਘ ਕੰਬੋਜ ਨੂੰ ਬਰਨਾਲਾ ਵਿਖੇ ਹੋਣ ਜਾ ਰਹੀ ਰੈਲੀ ਦਾ ਇੰਚਾਰਜ ਨਿਯੁਕਤ ਕੀਤਾ ਗਿਆ ਹੈ | ਇਸ ਗੱਲ ਨੂੰ ਲੈ ਕੇ ਪਾਰਟੀ ਵਰਕਰਾਂ ਵਿਚ ਕਾਫੀ ਜ਼ਿਆਦਾ ਉਤਸ਼ਾਹ ਪਾਇਆ ਜਾ ਰਿਹਾ ਹੈ |ਹਰਦਿਆਲ ਸਿੰਘ ਕੰਬੋਜ ਨੇ ਦੱਸਿਆ ਕਿ ਇਹ ਰੈਲੀ ਇਕ ਤਰਾਂ ਨਾਲ ਮੀਲ ਪੱਥਰ ਸਾਬਤ ਹੋਵੇਗੀ | ਉਨ੍ਹਾਂ ਨੇ ਪਾਰਟੀ ਵਰਕਰਾਂ ਨੂੰ ਸੱਦਾ ਦਿਤਾ ਕਿ ਇਹ ਰੈਲੀ ਦਾ ਇਕੱਠ ਸਾਡੇ ਭਵਿੱਖ ਨਾਲ ਸੰਬੰਧਤ ਹੈ | ਉਨ੍ਹਾਂ ਨੇ ਕਿਹਾ ਕਿ ਸੱਤਾਧਾਰੀ ਧਿਰ ਨੇ ਸੂਬੇ ਦੇ ਲੋਕਾਂ ਨਾਲ ਜੋ ਵਾਅਦੇ ਕੀਤੇ ਸੀ ਉਹ ਪੂਰੇ ਨਹੀ ਕੀਤੇ | ਉਨ੍ਹਾਂ ਨੇ ਕਿਹਾ ਕਿ ਸੂਬੇ ਵਿਚ ਅਮਨ ਕਾਨੂੰਨ ਦੀ ਸਥਿਤੀ ਕਾਫੀ ਜ਼ਿਆਦਾ ਚਿੰਤਾਜਨਕ ਹੋਈ ਪਈ ਹੈ | ਉਨ੍ਹਾਂ ਨੇ ਆਮ ਲੋਕਾਂ ਨੂੰ ਸੱਦਾ ਦਿਤਾ ਕਿ 28 ਫਰਵਰੀ ਨੂੰ ਬਰਨਾਲਾ ਵਿਖੇ ਹੋਣ ਵਾਲੀ ਰੈਲੀ ਵਿਚ ਵੱਧ ਤੋਂ ਵੱਧ ਗਿਣਤੀ ਵਿਚ ਪੁੱਜ ਕੇ ਆਪਣੇ ਨੇਤਾ ਦੇ ਵਿਚਾਰ ਸੁਣੇ ਜਾਣ | ਇਸ ਮੌਕੇ ਯੂਥ ਆਗੂ ਨਿਰਭੈ ਸਿੰਘ ਮਿਲਟੀ ਕੰਬੋਜ਼, ਸਾਬਕਾ ਚੇਅਰਮੈਨ ਬਲਦੇਵ ਸਿੰਘ ਗਾੱੱਦੋ ਮਾਜਰਾ, ਸਾਬਕਾ ਚੇਅਰਮੈਨ ਮਲਕੀਤ ਸਿੰਘ ਉਪਲਹੇੜੀ, ਨਿਤਿਨ ਰੇਖੀ, ਕੌਂਸਲਰ ਬਲਵਿੰਦਰ ਸਿੰਘ, ਕੌਂਸਲਰ ਅਮਰਦੀਪ ਸਿੰਘ, ਕੌਂਸਲਰ ਜਗਨੰਦਨ ਗੁਪਤਾ, ਗੁਰਪੀ੍ਰਤ ਸਿੰਘ ਜੰਡੋਲੀ ਅਤੇ ਹੋਰ ਪਾਰਟੀ ਵਰਕਰ ਹਾਜ਼ਰ ਸਨ |