ਨਾਭਾ, 26 ਫਰਵਰੀ (ਜਗਨਾਰ ਸਿੰਘ ਦੁਲੱਦੀ/ਕਰਮਜੀਤ ਸਿੰਘ)-ਪੰਜਾਬ ਸਰਕਾਰ ਕਿਸਾਨਾਂ ਦੀ ਕਣਕ ਦੀ ਫਸਲ ਦਾ ਦਾਣਾ ਦਾਣਾ ਖਰੀਦੇਗੀ, ਜਿਸ ਨੂੰ ਲੈ ਕੇ ਤਿਆਰੀਆਂ ਜ਼ੋਰਾਂ 'ਤੇ ਚੱਲ ਰਹੀਆਂ ਹਨ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਹਰਚੰਦ ਸਿੰਘ ਬਰਸਟ ਨੇ ਨਾਭਾ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ | ਉਨ੍ਹਾਂ ਕਿਹਾ ਕਿ ਜਿੱਥੇ ਪੰਜਾਬ ਸਰਕਾਰ ਨੇ ਕਿਸਾਨਾਂ ਦੀ ਫਸਲ ਦਾ ਪਿਛਲੇ ਪੰਜਾਂ ਸਾਲਾਂ ਦੌਰਾਨ ਦਾਣਾ ਦਾਣਾ ਖਰੀਦਿਆ ਹੈ ਉੱਥੇ ਨਾਲ ਹੀ ਸ਼ਹਿਰਾਂ ਤੇ ਪਿੰਡਾਂ ਵਿਚ ਵੱਡੀ ਪੱਧਰ 'ਤੇ ਵਿਕਾਸ ਕਾਰਜ ਕਰਵਾਏ ਹਨ ਅਤੇ ਪਿਛਲੇ 12 ਸਾਲ ਤੋਂ ਜੋ ਸੜਕਾਂ ਦੀ ਹਾਲਤ ਤਰਸਯੋਗ ਬਣੀ ਹੋਈ ਸੀ ਉਨ੍ਹਾਂ ਦਾ ਕੰਮ ਵੀ ਜੰਗੀ ਪੱਧਰ ਤੇ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤਾ ਗਿਆ ਹੈ | ਨਾਭਾ ਤੋਂ ਪਟਿਆਲਾ ਨੂੰ ਜਾਣ ਵਾਲੀ ਸੜਕ ਜੋ ਕਿ ਪਿੰਡ ਰੋਹਟੀ, ਸੰਗਤਪੁਰਾ, ਸੌਜਾ, ਬਰਸਟ ਆਦਿ ਪਿੰਡਾਂ 'ਚੋਂ ਹੋ ਕੇ ਜਾਂਦੀ ਹੈ ਉਸ ਦਾ ਕੰਮ ਵੀ ਉਹਨਾਂ ਕਿਹਾ ਵੀ ਜਲਦੀ ਹੀ ਸ਼ੁਰੂ ਕੀਤਾ ਜਾਵੇਗਾ | ਚੇਅਰਮੈਨ ਬਰਸਟ ਨੇ ਕਿਹਾ ਕਿ ਪੰਜਾਬ ਸਰਕਾਰ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸੂਬੇ ਦੀਆਂ ਔਰਤਾਂ ਨਾਲ ਕੀਤੇ ਗਏ ਵਾਅਦੇ ਨੂੰ ਜਲਦ ਹੀ ਪੂਰਾ ਕਰਨ ਜਾ ਰਹੀ ਹੈ, ਜਿਸ ਤਹਿਤ 8 ਮਾਰਚ ਤੋਂ ਪੰਜਾਬ ਦੀਆਂ ਔਰਤਾਂ ਨੂੰ 1000 ਰੁਪਏ ਮਹੀਨਾ ਉਨ੍ਹਾਂ ਦੇ ਖਾਤੇ ਵਿਚ ਆਉਣਾ ਸ਼ੁਰੂ ਹੋ ਜਾਵੇਗਾ | ਜਦੋਂ ਚੇਅਰਮੈਨ ਬਰਸਟ ਨੂੰ ਪੁੱਛਿਆ ਗਿਆ ਕਿ ਉਹ ਪਿਛਲੇ ਚਾਰ ਸਾਲ ਦਾ ਬਕਾਇਆ ਵੀ ਔਰਤਾਂ ਨੂੰ ਉਹਨਾਂ ਦੇ ਖਾਤੇ 'ਚ ਪਾਉਣਗੇ ਤਾਂ ਉਹਨਾਂ ਕਿਹਾ ਕਿ ਇਸ ਬਾਰੇ ਫੈਸਲਾ ਕਰਨਾ ਹਾਲੇ ਬਾਕੀ ਹੈ | ਕੇਂਦਰ ਸਰਕਾਰ ਤੇ ਸ਼ਬਦੀ ਹਮਲਾ ਕਰਦਿਆਂ ਚੇਅਰਮੈਨ ਬਰਸਟ ਨੇ ਕਿਹਾ ਕਿ ਜੇਕਰ ਕੇਂਦਰ ਸਰਕਾਰ ਵਲੋਂ ਪੰਜਾਬ ਦਾ ਪੈਸਾ ਨਾ ਰੋਕਿਆ ਗਿਆ ਹੁੰਦਾ ਤਾਂ ਸੂਬੇ ਵਿੱਚ ਅੱਜ ਵਿਕਾਸ ਕਾਰਜਾਂ ਦੀ ਝੜੀ ਲੱਗ ਜਾਣੀ ਸੀ | ਬੀਜੇਪੀ ਵਲੋਂ 117 ਦੀਆਂ 117 ਸੀਟਾਂ ਤੇ ਚੋਣਾਂ ਲੜਨ ਸਬੰਧੀ ਪੁੱਛੇ ਗਏ ਸਵਾਲ ਦੇ ਜਵਾਬ ਵਿੱਚ ਉਨਾਂ ਕਿਹਾ ਕਿ ਬੀਜੇਪੀ ਭਾਵੇਂ 119 ਸੀਟਾਂ ਤੇ ਚੋਣਾਂ ਲੜ ਲਵੇ ਅਸੀਂ ਕਿਸੇ ਨੂੰ ਰੋਕ ਨਹੀਂ ਸਕਦੇ ਇਹ ਤਾਂ ਪੰਜਾਬ ਦੇ ਲੋਕ ਹੀ ਚੌਣਾਂ ਦੌਰਾਨ ਫਤਵਾ ਦੇਣਗੇ | ਅਕਾਲੀ ਦਲ ਦੇ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਉਪ ਮੁੱਖ ਮੰਤਰੀ ਦੇ ਐਲਾਨ ਸਬੰਧੀ ਪੁੱਛੇ ਸਵਾਲ ਦੇ ਜਵਾਬ ਵਿਚ ਉਨ੍ਹਾਂ ਕਿਹਾ ਕਿ ਸੁਖਬੀਰ ਸਿੰਘ ਬਾਦਲ ਤਾਂ ਪੀ.ਐਮ ਦਾ ਵੀ ਐਲਾਨ ਕਰ ਸਕਦਾ ਹੈ, ਉਸ ਦੇ ਬਿਆਨ ਨੂੰ ਲੋਕ ਤਵੱਜੋ ਨਹੀਂ ਦੇ ਰਹੇ | ਉਨਾਂ ਕਿਹਾ ਕਿ ਅਕਾਲੀ ਦਲ ਕੋਲ ਉਹੀ 500,700 ਬੰਦਾ ਹੈ ਜੋ ਸੋਸ਼ਲ ਮੀਡੀਆ ਉੱਤੇ ਉਨ੍ਹਾਂ ਦੀ ਵਾਹ ਵਾਹ ਕਰਦਾ ਰਹਿੰਦਾ ਹੈ ਅਤੇ ਨਾਅਰੇਬਾਜੀ ਕਰਦਾ ਹੈ | ਇਸ ਮੌਕੇ ਕੌਂਸਲਰ ਹਿਤੇਸ਼ ਖੱਟਰ, ਰਮੇਸ਼ ਤਲਵਾੜ, ਕਮਲ ਕੁਮਾਰ ਰਾਜੂ, ਰਣਜੀਤ ਸਿੰਘ ਝੱਜ ਸਰਪੰਚ, ਅਮਨ ਕੁਮਾਰ, ਕੁਨਾਲ, ਰਾਜਿਵ ਸ਼ਰਮਾ ਸਰਪੰਚ ਸੌਜਾ, ਅੰਕੁਸ਼ ਕੁਮਾਰ, ਵਿਕਰਮ, ਕਾਕਾ ਐਲਵਨ, ਜੈ ਪ੍ਰਕਾਸ਼ ਆਦਿ ਮੌਜੂਦ ਸਨ |