ਨਾਭਾ, 5 ਮਾਰਚ (ਜਗਨਾਰ ਸਿੰਘ ਦੁਲੱਦੀ)-ਨਾਭਾ ਹਲਕੇ ਪਿੰਡਾਂ 'ਚ ਡਾ. ਆਈ.ਡੀ. ਗੋਇਲ ਸਾਬਕਾ ਸਿਵਲ ਸਰਜਨ ਦੀ ਅਗਵਾਈ ਅਧੀਨ ਕਾਰਜਸ਼ੀਲ ਪੰਜਾਬ ਸਰਕਾਰ ਤੋਂ ਸੂਬਾ ਪੱਧਰੀ ਸਨਮਾਨ ਪ੍ਰਾਪਤ ਸਵੈ-ਸੇਵੀ ਸੰਸਥਾ ਜਨਸੇਵਾ ਸੁਸਾਇਟੀ ਪਿੰਡ ਕਕਰਾਲਾ ਵਲੋਂ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਸਹਿਯੋਗ ਨਾਲ ਹਰ ਸਾਲ ਦੀ ਤਰ੍ਹਾਂ 7 ਮਾਰਚ ਦਿਨ ਸ਼ਨਿੱਚਰਵਾਰ ਨੂੰ ਪਿੰਡ ਕਕਰਾਲਾ ਤਹਿਸੀਲ ਨਾਭਾ ਵਿਖੇ 22ਵਾਂ ਅੱਖਾਂ ਦੇ ਮੁਫ਼ਤ ਲੈਂਜ ਪਾਉਣ ਦਾ ਕੈਂਪ ਅਤੇ ਵਿਸ਼ਾਲ ਖੂਨਦਾਨ ਕੈਂਪ ਲਗਾਇਆ ਜਾ ਰਿਹਾ ਹੈ | ਸੁਸਾਇਟੀ ਦੇ ਸੰਸਥਾਪਕ ਜਨਰਲ ਸਕੱਤਰ ਧੀਰ ਸਿੰਘ ਅਤੇ ਪ੍ਰਚਾਰ ਸਕੱਤਰ ਵਿਕਾਸ ਮਿੱਤਲ ਨੇ ਦੱਸਿਆ ਕਿ ਸੁਸਾਇਟੀ ਦੇ ਪ੍ਰਧਾਨ ਭਗਵਾਨ ਸਿੰਘ ਸਰਾਓ ਦੀ ਅਗਵਾਈ ਵਿਚ ਕੈਸ਼ੀਅਰ ਗੁਰਮੇਲ ਸਿੰਘ ਛੱਜੂਭੱਟ, ਅਮਰੀਕ ਸਿੰਘ ਕਕਰਾਲਾ, ਰਾਮ ਸਿੰਘ, ਹਰਭਜਨ ਸਿੰਘ, ਮਿਹਰ ਸਿੰਘ ਸਾਬਕਾ ਜ਼ਿਲ੍ਹਾ ਫਾਰਮੇਸੀ ਅਫਸਰ ਤੇ ਅਧਾਰਤ ਟੀਮ ਵੱਲੋਂ ਕੈਂਪ ਦੇ ਸਾਰੇ ਪ੍ਰਬੰਧ ਕੀਤੇ ਜਾ ਰਹੇ ਹਨ | ਉਨ੍ਹਾਂ ਦੱਸਿਆ ਕਿ ਇਸ ਕੈਂਪ ਸੰਬੰਧੀ ਸੁਸਾਇਟੀ ਦਾ ਵਫ਼ਦ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਰਾਸ਼ਟਰੀ ਪ੍ਰਧਾਨ ਜੱਸਾ ਸਿੰਘ ਸੰਧੂ ਅਤੇ ਕੈਂਪ ਵਿਚ ਆਉਣ ਵਾਲੇ ਡਾ. ਬ੍ਰਹਮਜੋਤ ਸਿੰਘ ਵਾਲੀਆ ਨੂੰ ਮਿਲਿਆ | ਜੱਸਾ ਸਿੰਘ ਨੇ ਸੁਸਾਇਟੀ ਦੇ ਇਸ ਕਾਰਜ਼ ਦੀ ਸ਼ਲਾਘਾ ਕਰਦਿਆਂ ਆਪਣੇ ਵਲੋਂ ਭਰਭੂਰ ਸਹਿਯੋਗ ਦੇਣ ਦਾ ਐਲਾਨ ਕੀਤਾ | ਉਨ੍ਹਾਂ ਕਿਹਾ ਕਿ ਅੱਖਾਂ ਦੇ ਮਾਹਿਰ ਡਾ. ਬ੍ਰਹਮਜੋਤ ਸਿੰਘ ਐਮ ਐਸ ਆਈ ਸਪੈਸ਼ਲਿਸਟ ਆਪਣੀ ਟੀਮ ਸਮੇਤ ਪਹੁੰਚ ਰਹੇ ਹਨ |