ਬਨੂੜ, 6 ਮਾਰਚ (ਭੁਪਿੰਦਰ ਸਿੰਘ)-ਬਨੂੜ ਇਲਾਕੇ ਦੀ ਅੱਧੀ ਦਰਜਨ ਦੇ ਕਰੀਬ ਪੰਚਾਇਤਾਂ ਦੀ ਅਗਵਾਈ ਹੇਠ ਪਿੰਡ ਵਸਨੀਕਾਂ ਨੇ ਘੱਗਰ ਨਦੀ 'ਚ ਮਿੱਟੀ ਦੀ ਢੋਆਈ ਕਰ ਰਹੇ ਓਵਰ ਲੋਡ ਟਿੱਪਰਾ ਨੂੰ ਪੇਂਡੂ ਸੜਕਾਂ ਤੋਂ ਰੋਕ ਦਿੱਤਾ ਹੈ ਅਤੇ ਪਿੰਡ ਕਰਾਲੀ ਨੇੜੇ ਪੱਕਾ ਧਰਨਾ ਲਾ ਕੇ ਬੈਠ ਗਏ ਹਨ | ਧਰਨਾਕਾਰੀਆਂ ਦਾ ਕਹਿਣਾ ਹੈ, ਕਿ ਉਹ ਓਵਰਲੋਡ ਟਿੱਪਰਾ ਨੂੰ ਲਿੰਕ ਸੜਕਾਂ ਉੱਤੇ ਕਿਸੇ ਕੀਮਤ 'ਤੇ ਨਹੀਂ ਚੱਲਣ ਦੇਣਗੇ ਜਾਂ ਉਹ ਲਿੰਕ ਸੜਕਾਂ 'ਤੇ ਟਿੱਪਰ ਚਲਣ ਦੀ ਪ੍ਰਵਾਨਗੀ ਲੈ ਕੇ ਆਉਣ | ਉਨ੍ਹਾਂ ਕਿਹਾ ਕਿ ਮਾਇਨਿੰਗ ਵਿਭਾਗ ਦੀ ਮਿਲੀਭੁਗਤ ਨਾਲ ਘੱਗਰ ਨਦੀ ਦੀ ਨਾਜਇਜ ਖੁਦਾਈ ਕਰਕੇ ਵਾਤਾਵਰਨ ਪ੍ਰਦੂਸ਼ਿਤ ਕਰ ਰਹੇ ਹਨ ਤੇ ਸੜਕਾਂ ਨੂੰ ਤੋੜ ਰਹੇ ਹਨ | ਉਨ੍ਹਾਂ ਪੰਜਾਬ ਸਰਕਾਰ ਅਤੇ ਮਾਇਨਿੰਗ ਵਿਭਾਗ ਖ਼ਿਲਾਫ਼ ਨਾਅਰੇਬਾਜੀ ਵੀ ਕੀਤੀ | ਹਲਕਾ ਦੇ ਸਾਬਕਾ ਵਿਧਾਇਕ ਹਰਦਿਆਲ ਸਿੰਘ ਕੰਬੋਜ, ਬੀਕੇਯੂ ਰਾਜੇਵਾਲ ਦੇ ਜ਼ਿਲ੍ਹਾ ਮੀਤ ਪ੍ਰਧਾਨ ਲਖਵਿੰਦਰ ਸਿੰਘ ਲੱਖੀ, ਬੀਕੇਯੂ ਢਕੌਦਾਂ ਦੇ ਜ਼ਿਲ੍ਹਾ ਪ੍ਰਧਾਨ ਜਗਜੀਤ ਸਿੰਘ ਬੈਂਸ, ਬੀਐਮਯੂ ਦੇ ਪ੍ਰਧਾਨ ਮਨਜੀਤ ਸਿੰਘ ਘੁਮਾਣਾ ਨੇ ਵੀ ਧਰਨੇ ਵਿਚ ਹਾਜਰੀ ਲੁਆਈ ਅਤੇ ਹਰ ਮਦੱਦ ਦਾ ਭਰੋਸਾ ਦਿੱਤਾ | ਭਾਂਵੇ ਮੌਕੇ 'ਤੇ ਪੁੱਜੇ ਮਾਇਨਿੰਗ ਵਿਭਾਗ ਦੇ ਅਧਿਕਾਰੀ ਤੇ ਪੁਲਿਸ ਨੇ ਵੀ ਧਰਨਾਕਾਰੀਆਂ ਨਾਲ ਗੱਲਬਾਤ ਕੀਤੀ, ਪਰ ਧਰਨਾਕਾਰੀ ਆਪਣੇ ਗੱਲ 'ਤੇ ਅੜੇ ਰਹੇ ਤੇ ਮਾਇਨੰਗ ਦਾ ਕੰਮ ਬੰਦ ਕਰਨਾ ਪਿਆ | ਆਮ ਆਦਮੀ ਪਾਰਟੀ ਦੇ ਬਲਾਕ ਪ੍ਰਧਾਨ ਮਾਸਟਰ ਗੁਰਜੀਤ ਸਿੰਘ ਕਰਾਲਾ, ਪਿੰਡ ਕਰਾਲਾ ਦੇ ਸਰਪੰਚ ਲਖਵਿੰਦਰ ਸਿੰਘ, ਕਰਾਲੀ ਦੇ ਪੱਪੀ ਖਾਨ, ਰਾਜੋਮਾਜਰਾ ਦੇ ਸਰਪੰਚ ਬਲਜੀਤ ਸਿੰਘ, ਖਾਨਪੁਰ ਖੱਦਰ ਦੇ ਸਾਬਕਾ ਸਰਪੰਚ ਧਰਮਵੀਰ ਸ਼ੈਲੀ, ਗੁਰਦੀਪ ਸਿੰਘ ਜ਼ਿਲ੍ਹਾ ਪ੍ਰਧਾਨ ਮੁਹਾਲੀ ਭਾਰਤੀ ਕਿਸਾਨ ਯੂਨੀਅਨ ਏਕਤਾ ਭਟੇੜੀ ਕਲਾਂ, ਅਮਲਾਲਾ ਦੇ ਰਤਨ ਸਿੰਘ ਫੌਜੀ, ਬਲਜਿੰਦਰ ਸਿੰਘ, ਸਬਾਕਾ ਸਰਪੰਚ ਸਤਪਾਲ ਸਿੰਘ ਰਾਜੋਮਾਜਰਾ ਤੇ ਗੁਰਪ੍ਰੀਤ ਸਿੰਘ ਕਰਾਲੀ, ਦੀਦਾਰ ਸਿੰਘ ਖਾਨਪੁਰ ਖੱਦਰ, ਦਵਿੰਦਰ ਸਿੰਘ ਆਦਿ ਪੰਚ ਸਰਪੰਚਾਂ ਨੇ ਕਿਹਾ ਕਿ ਪਿੰਡ ਅਮਲਾਲਾ ਤੋਂ ਕਰਾਲਾ ਪਾਸੇ ਵੱਡੀ ਪੱਧਰ ਤੇ ਡੀਸਿਲਟਿੰਗ ਦੇ ਨਾਂਅ ਤੇ ਨਾਜਾਇਜ ਮਾਇਨਿੰਗ ਹੋ ਰਹੀ ਹੈ ਅਤੇ ਰੌਜ਼ਾਨਾਂ ਦਰਜਨਾਂ ਓਵਰਲੋਡ ਟਿੱਪਰ ਉਕਤ ਪਿੰਡਾਂ ਦੀ ਲਿੰਕ ਸੜਕਾਂ ਨੂੰ ਲੰਘਦੇ ਹਨ | ਜਿਨ੍ਹਾਂ ਨਾਲ ਸੜਕਾਂ ਟੁੱਟ ਰਹੀਆ ਹਨ ਤੇ ਸੋਰ ਤੇ ਮਿੱਟੀ ਪ੍ਰਦੂਸ਼ਨ ਨਾਲ ਪਿੰਡ ਵਸਨੀਕਾਂ ਦਾ ਹਾਲੋ-ਬੇਹਾਲ ਹੋ ਗਿਆ ਹੈ | ਉਨ੍ਹਾਂ ਕਿਹਾ ਕਿ ਇਨ੍ਹਾਂ ਓਵਰਲੋਡ ਟਿੱਪਰਾਂ ਬਾਰੇ ਹਲਕਾ ਵਿਧਾਇਕ ਤੇ ਪ੍ਰਸ਼ਾਸਨ ਦੇ ਧਿਆਨ ਵਿਚ ਲਿਆ ਚੁੱਕੇ ਹਾਂ, ਪਰ ਕੋਈ ਕਾਰਵਾਈ ਨਹੀ ਹੋ ਰਹੀ | ਜਿਸ ਕਾਰਨ ਉਨ੍ਹਾਂ ਨੂੰ ਅੱਜ ਪੱਕਾ ਧਰਨਾ ਲਾਉਣਾ ਪਿਆ | ਸਾਬਕਾ ਵਿਧਾਇਕ ਹਰਦਿਆਲ ਸਿੰਘ ਕੰਬੋਜ ਨੇ ਕਿਹਾ ਕਿ ਹਲਕਾ ਰਾਜਪੁਰਾ ਅਤੇ ਡੇਰਾਬਸੀ ਦੇ ਵਿਧਾਇਕ ਦੀ ਮਿਲੀਭੁਗਤ ਨਾਲ ਮਾਇਨਿੰਗ ਵਿਭਾਗ ਰਾਮਪੁਰ ਕਲਾਂ, ਅਮਲਾਲਾ, ਹੰਸ਼ਾਲਾ, ਮਨੌਲੀ ਸੂਰਤ ਵਿਖੇ ਡੀਸਿਲਟਿੰਗ ਦੇ ਨਾਂਅ ਤੇ ਵੱਡੀ ਪੱਧਰ 'ਤੇ ਨਾਜਾਇਜ ਮਾਇਨਿੰਗ ਕੀਤੀ ਜਾ ਰਹੀ ਹੈ | ਉਨ੍ਹਾਂ ਕਿਹਾ ਕਿ ਨੈਸ਼ਨਲ ਗ੍ਰੀਨ ਟਿ੍ਬਿਊਨਲ ਨੇ ਮੁਹਾਲੀ ਜ਼ਿਲ੍ਹੇ ਵਿਚ ਡੀਸਿਲਟਿੰਗ 'ਤੇ ਪਾਬੰਦੀ ਲਾਈ ਹੋਈ ਹੈ ਦੇ ਬਾਵਜੂਦ ਮਾਇਨਿੰਗ ਬਿਨਾਂ ਰੋਕ ਟੁੱਕ ਜਾਰੀ ਹੈ | ਉਨ੍ਹਾਂ ਕਿਹਾ ਕਿ ਉਹ ਲੋਕਾਂ ਨਾਲ ਖੜੇ੍ਹ ਹਨ ਅਤੇ ਉਹ ਆਪਣੇ ਇਲਾਕਾ ਨਿਵਾਸੀਆਂ ਨਾਲ ਬੇਇਨਸਾਫ਼ੀ ਨਹੀ ਹੋਣ ਦੇਣਗੇ | ਜਦੋਂ ਮਾਇਨਿੰਗ ਵਿਭਾਗ ਦੇ ਐਸ.ਡੀ.ਓ. ਰਾਜਿੰਦਰ ਸਿੰਘ ਨਾਲ ਗਲਬਾਤ ਕੀਤੀ ਤਾ ਉਨ੍ਹਾਂ ਨੇ ਕਿਹਾ ਕਿ ਨਿਯਮਾਂ ਅਨੁਸਾਰ ਡੀਸਿਲਟਿੰਗ ਕੀਤੀ ਜਾ ਰਹੀ ਹੈ | ਜਦੋਂ ਉਨ੍ਹਾਂ ਨੂੰ ਐਨਜੀਟੀ ਵਲੋਂ ਲਾਈ ਰੋਕ ਬਾਰੇ ਪੁੱਛਿਆ, ਉਨ੍ਹਾਂ ਕਿਹਾ ਕਿ ਉਹ ਸਰਕਾਰ ਦੇ ਆਦੇਸ਼ਾਂ ਦੀ ਪਾਲਣਾ ਕਰ ਰਹੇ ਹਨ |