ਪਟਿਆਲਾ, 6 ਮਾਰਚ (ਗੁਰਵਿੰਦਰ ਸਿੰਘ ਔਲਖ)-ਭਾਸ਼ਾ ਵਿਭਾਗ ਵਲੋਂ ਡਾਇਰੈਕਟਰ ਜਸਵੰਤ ਸਿੰਘ ਜ਼ਫ਼ਰ ਦੀ ਅਗਵਾਈ ਹੇਠ ਭਾਸ਼ਾ ਭਵਨ ਪਟਿਆਲਾ ਵਿਖੇ ਕੌਮਾਂਤਰੀ ਮਹਿਲਾ ਦਿਵਸ ਨੂੰ ਸਮਰਪਿਤ ਸਮਾਗਮ 'ਕਹੋ ਕਹਾਣੀ ਸਖ਼ੀਓ' ਸਿਰਲੇਖ ਹੇਠ ਕਰਵਾਇਆਗਿਆ | ਇਸ ਮੌਕੇ ਤਿੰਨ ਪ੍ਰਸਿੱਧ ਕਹਾਣੀਕਾਰਾਂ ਵਲੋਂ ਆਪਣੀਆਂ ਕਹਾਣੀਆਂ ਦਾ ਪਾਠ ਕੀਤਾ ਗਿਆ, ਜਦਕਿ ਇਕ ਕਵਿੱਤਰੀ ਨੇ ਆਪਣੀਆਂ ਕਵਿਤਾਵਾਂ ਰਾਹੀਂ ਔਰਤ ਦੇ ਜੀਵਨ ਦੇ ਵੱਖ-ਵੱਖ ਪੱਖਾਂ ਨੂੰ ਪ੍ਰਗਟਾਇਆ | ਸਮਾਗਮ ਦੀ ਪ੍ਰਧਾਨਗੀ ਪੰਜਾਬੀ ਯੂਨੀਵਰਸਿਟੀ ਦੀ ਸਾਬਕਾ ਪ੍ਰੋ. ਡਾ. ਚਰਨਜੀਤ ਕੌਰ ਨੇ ਕੀਤੀ ਅਤੇ ਪਿ੍ੰ. ਡਾ. ਬਰਿੰਦਰ ਕੌਰ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ | ਭਾਸ਼ਾ ਵਿਭਾਗ ਦੀ ਸੰਯੁਕਤ ਨਿਰਦੇਸ਼ਕਾਂ ਚੰਦਨਦੀਪ ਕੌਰ ਨੇ ਆਏ ਹੋਏ ਮਹਿਮਾਨਾਂ ਦਾ ਸਵਾਗਤ ਕੀਤਾ | ਸਮਾਗਮ ਦੀ ਖ਼ਾਸੀਅਤ ਇਹ ਰਹੀ ਕਿ ਇਸ ਦੌਰਾਨ ਸਾਰੇ ਬੁਲਾਰੇ ਔਰਤਾਂ ਹੀ ਸਨ ਅਤੇ ਸਮੂਹ ਸੰਚਾਲਨ 'ਤੇ ਕਾਰਵਾਈ ਵੀ ਔਰਤਾਂ ਵਲੋਂ ਹੀ ਕੀਤੀ ਗਈ | ਪ੍ਰੋਗਰਾਮ ਦੀ ਸ਼ੁਰੂਆਤ ਕੈਨੇਡਾ ਤੋਂ ਆਈ ਕਵਿੱਤਰੀ ਰਾਜਵੀਰ ਕੌਰ ਵਲੋਂ ਕੀਤੀ ਗਈ, ਜਿਨ੍ਹਾਂ ਆਪਣੀਆਂ ਕਵਿਤਾਵਾਂ 'ਸਰਬੰਗ ਇਸ਼ਕ', 'ਘਰ ਦੀ ਰੂਹ' ਅਤੇ 'ਢਾਬ ਕਿਨਾਰੇ' ਰਾਹੀਂ ਔਰਤ ਦੇ ਜੀਵਨ ਦੀਆਂ ਵੱਖ-ਵੱਖ ਅਵਸਥਾਵਾਂ ਦੌਰਾਨ ਉਪਜਣ ਵਾਲੀਆਂ ਭਾਵਨਾਵਾਂ ਅਤੇ ਮਨੋਦਸ਼ਾਵਾਂ ਦਾ ਸੁੰਦਰ ਚਿਤਰਨ ਕੀਤਾ | ਇਸ ਤੋਂ ਬਾਅਦ ਖਰੜ (ਰੋਪੜ) ਤੋਂ ਆਈ ਕਹਾਣੀਕਾਰਾ ਦੀਪਤੀ ਬਾਬੂਟਾ ਨੇ ਆਪਣੀ ਕਹਾਣੀ 'ਪਿੱਛਾ ਰਹਿ ਗਿਆ ਦੂਰ' ਦਾ ਪਾਠ ਕਰਦਿਆਂ ਮੱਧ ਵਰਗੀ ਪਰਿਵਾਰਾਂ ਦੀਆਂ ਆਰਥਿਕ ਮੁਸ਼ਕਲਾਂ, ਸੁਪਨਿਆਂ ਦੀ ਪੂਰਤੀ ਲਈ ਕੀਤੇ ਜਾਣ ਵਾਲੇ ਸੰਘਰਸ਼ ਅਤੇ ਨਵੀਂ ਤੇ ਪੁਰਾਣੀ ਪੀੜ੍ਹੀ ਦਰਮਿਆਨ ਚੱਲ ਰਹੀ ਖਿੱਚੋਤਾਣ ਨੂੰ ਦਰਸਾਇਆ | ਅੰਮਿ੍ਤਸਰ ਤੋਂ ਆਈ ਡਾ. ਸਰਘੀ ਨੇ ਆਪਣੀ ਕਹਾਣੀ 'ਆਫਟਰ ਫੋਰਟੀ' ਰਾਹੀਂ ਔਰਤਾਂ ਪ੍ਰਤੀ ਪੁਰਸ਼ਾਂ ਦੇ ਨਜ਼ਰੀਏ, ਬਿਮਾਰ ਸੰਬੰਧਾਂ ਕਾਰਨ ਪਰਿਵਾਰਾਂ ਦੇ ਟੁੱਟਣ ਅਤੇ ਸਮਾਜ ਵਿਚ ਕੰਮਕਾਜੀ ਔਰਤਾਂ ਪ੍ਰਤੀ ਰਵੱਈਏ ਨੂੰ ਉਜਾਗਰ ਕੀਤਾ | ਹੁਸ਼ਿਆਰਪੁਰ ਤੋਂ ਆਈ ਤਿ੍ਪਤਾ ਕੇ. ਸਿੰਘ ਨੇ ਆਪਣੀ ਕਹਾਣੀ 'ਫ਼ੈਸਲਾ' ਰਾਹੀਂ ਪੁੱਤਰ ਮੋਹ ਵਿਚ ਫਸੇ ਰੂੜ੍ਹੀਵਾਦੀ ਵਿਚਾਰਾਂ ਕਾਰਨ ਔਰਤਾਂ ਦੇ ਸਰੀਰ ਨਾਲ ਹੋ ਰਹੇ ਅਨਿਆਂ ਅਤੇ ਪੁੱਤਰ ਪ੍ਰਾਪਤੀ ਲਈ ਆਧੁਨਿਕ ਤਕਨਾਲੋਜੀ ਦੀ ਦੁਰਵਰਤੋਂ ਦੀ ਹਿਰਦੇਵੇਧਕ ਤਸਵੀਰ ਪੇਸ਼ ਕੀਤੀ | ਮੁੱਖ ਮਹਿਮਾਨ ਪਿ੍ੰ. ਡਾ. ਬਰਿੰਦਰ ਕੌਰ ਮਾਤਾ ਸੁੰਦਰੀ ਯੂਨੀਵਰਸਿਟੀ ਕਾਲਜ ਮਾਨਸਾ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਕੁਦਰਤ ਨੇ ਸਾਂਝਾ ਅਤੇ ਸੰਤੁਲਿਤ ਸੰਸਾਰ ਸਿਰਜਿਆ ਹੈ, ਪਰ ਮਨੁੱਖ ਦੀ ਸੰਕੀਰਨ ਸੋਚ ਨੇ ਔਰਤ ਅਤੇ ਮਰਦ ਵਿਚਕਾਰ ਭੇਦਭਾਵ ਪੈਦਾ ਕੀਤਾ ਹੈ | ਉਨ੍ਹਾਂ ਕਿਹਾ ਕਿ ਇਸ ਵਰ੍ਹੇ ਮਹਿਲਾ ਦਿਵਸ ਮੌਕੇ ਸੰਯੁਕਤ ਰਾਸ਼ਟਰ ਸੰਘ ਵਲੋਂ ਦਿੱਤੇ ਗਏ ਨਾਅਰੇ 'ਰਾਈਟਸ, ਜਸਟਿਸ ਐਂਡ ਐਕਸ਼ਨ' ਨੂੰ ਅਮਲ ਵਿਚ ਲਿਆਂਦਾ ਜਾਣਾ ਸਮੇਂ ਦੀ ਲੋੜ ਹੈ | ਉਨ੍ਹਾਂ ਕਿਹਾ ਕਿ ਔਰਤਾਂ ਲਈ ਸੁਰੱਖਿਅਤ ਅਤੇ ਸਮਾਨਤਾ ਵਾਲਾ ਸਮਾਜ ਬਣਾਉਣ ਦੀ ਸ਼ੁਰੂਆਤ ਘਰਾਂ ਤੋਂ ਹੋਣੀ ਚਾਹੀਦੀ ਹੈ ਅਤੇ ਔਰਤਾਂ ਨੂੰ ਆਪਣੇ ਹੱਕਾਂ ਲਈ ਇਕੱਠੇ ਹੋ ਕੇ ਆਵਾਜ਼ ਬੁਲੰਦ ਕਰਨੀ ਚਾਹੀਦੀ ਹੈ | ਉਨ੍ਹਾਂ ਔਰਤ ਲੇਖਕਾਵਾਂ ਨੂੰ ਅਪੀਲ ਕੀਤੀ ਕਿ ਉਹ ਆਪਣੀਆਂ ਰਚਨਾਵਾਂ ਰਾਹੀਂ ਔਰਤਾਂ ਦੀਆਂ ਮੁਸ਼ਕਲਾਂ, ਭਾਵਨਾਵਾਂ ਅਤੇ ਹੱਕਾਂ ਨੂੰ ਸਾਹਿਤ ਵਿਚ ਥਾਂ ਦੇਣ | ਪ੍ਰਧਾਨਗੀ ਭਾਸ਼ਣ ਦੌਰਾਨ ਡਾ. ਚਰਨਜੀਤ ਕੌਰ ਨੇ ਕਿਹਾ ਕਿ ਸਾਹਿਤ ਦੀ ਸਿਰਜਣਾ ਕਰਨ ਲਈ ਲੇਖਕ ਨੂੰ ਪਹਿਲਾਂ ਆਪਣੇ ਕਿਰਦਾਰਾਂ ਦੇ ਅੰਦਰ ਜਿਊਣਾ ਪੈਂਦਾ ਹੈ | ਉਨ੍ਹਾਂ ਕਿਹਾ ਕਿ ਅੱਜ ਪੜ੍ਹੀਆਂ ਗਈਆਂ ਤਿੰਨਾਂ ਕਹਾਣੀਆਂ ਵਿਚ ਔਰਤਾਂ ਦੀਆਂ ਸਾਂਝੀਆਂ ਮੁਸ਼ਕਲਾਂ ਅਤੇ ਸਮਾਜਕ ਹਕੀਕਤਾਂ ਦਾ ਜੀਵੰਤ ਚਿਤਰਨ ਕੀਤਾ ਗਿਆ ਹੈ | ਉਨ੍ਹਾਂ ਕਿਹਾ ਕਿ ਪਤੀ-ਪਤਨੀ ਦੇ ਰਿਸ਼ਤੇ ਦੀ ਮਜ਼ਬੂਤੀ ਲਈ ਦੋਵਾਂ ਦਾ ਇਕ ਦੂਜੇ ਦਾ ਸਹਿਯੋਗੀ ਹੋਣਾ ਬਹੁਤ ਜ਼ਰੂਰੀ ਹੈ | ਬਰਾਬਰੀ ਵਾਲੀ ਪਹੁੰਚ ਨਾ ਹੋਣ ਕਰਕੇ ਹੀ ਰਿਸ਼ਤਿਆਂ ਵਿਚ ਦੂਰੀਆਂ ਅਤੇ ਕੁੜੱਤਣ ਪੈਦਾ ਹੁੰਦੀ ਹੈ | ਉਨ੍ਹਾਂ ਕਿਹਾ ਕਿ ਆਧੁਨਿਕ ਸਮੇਂ ਵਿਚ ਪੁਰਸ਼-ਇਸਤਰੀ ਸੰਬੰਧਾਂ ਦੇ ਪ੍ਰੰਪਰਿਕ ਅਰਥ ਬਦਲ ਰਹੇ ਹਨ ਅਤੇ ਇਨ੍ਹਾਂ ਨੂੰ ਅਜੋਕੇ ਸਮਾਜਿਕ ਸੰਦਰਭ ਵਿਚ ਸਮਝਣ ਦੀ ਲੋੜ ਹੈ | ਉਨ੍ਹਾਂ ਇਹ ਵੀ ਕਿਹਾ ਕਿ ਪੰਜਾਬੀ ਕਹਾਣੀ ਸਾਹਿਤ ਅੱਗੇ ਇਹ ਚੁਨੌਤੀ ਹੈ ਕਿ ਉਹ ਦੁਨੀਆ ਭਰ ਦੀਆਂ ਸਮੱਸਿਆਵਾਂ ਨੂੰ ਆਪਣੇ ਵਿਸ਼ੇ ਵਜੋਂ ਅਪਣਾਏ | ਸਮਾਗਮ ਦੀ ਸਫਲਤਾ ਲਈ ਸਹਾਇਕ ਨਿਰਦੇਸ਼ਕ ਅਮਰਿੰਦਰ ਸਿੰਘ, ਸੁਖਪ੍ਰੀਤ ਕੌਰ, ਜਸਪ੍ਰੀਤ ਕੌਰ, ਰਾਬੀਆ ਅਤੇ ਹੋਰ ਕਰਮਚਾਰੀਆਂ ਨੇ ਭਰਵਾਂ ਯੋਗਦਾਨ ਪਾਇਆ | ਸਹਾਇਕ ਨਿਰਦੇਸ਼ਕਾਂ ਸੁਰਿੰਦਰ ਕੌਰ ਨੇ ਸਭ ਦਾ ਧੰਨਵਾਦ ਕੀਤਾ ਜਦਕਿ ਮੰਚ ਸੰਚਾਲਨ ਵਿਸ਼ਵਜੋਤ ਕੌਰ ਵਲੋਂ ਸੁਚੱਜੇ ਢੰਗ ਨਾਲ ਕੀਤਾ ਗਿਆ | ਇਸ ਮੌਕੇ ਪੰਜਾਬੀ ਯੂਨੀਵਰਸਿਟੀ ਦੇ ਸਾਬਕਾ ਡੀਨ ਭਾਸ਼ਾਵਾਂ ਡਾ. ਰਾਜਿੰਦਰਪਾਲ ਸਿੰਘ ਬਰਾੜ, ਡਾ. ਬਲਦੇਵ ਸਿੰਘ ਧਾਲੀਵਾਲ, ਡਾ. ਬਲਵੀਰ ਕੌਰ ਪੰਧੇਰ, ਗੁਰਮੀਤ ਪਨਾਗ ਕੈਨੇਡਾ, ਕਮਲ ਸੇਖੋਂ, ਸੁਖਵਿੰਦਰ ਸੇਖੋਂ, ਰਮਨਦੀਪ ਵਿਰਕ ਸਮੇਤ ਵੱਡੀ ਗਿਣਤੀ ਵਿਚ ਸਾਹਿਤ ਪ੍ਰੇਮੀ ਹਾਜ਼ਰ ਸਨ |