ਪਾਤੜਾਂ, 8 ਮਾਰਚ (ਜਗਦੀਸ਼ ਸਿੰਘ ਕੰਬੋਜ)-ਪੰਜਾਬ 'ਚ ਔਰਤਾਂ ਅਤੇ ਲੜਕੀਆਂ ਨਾਲ ਜਬਰ ਜਨਾਹ ਹੋਣ ਦੇ ਮਾਮਲੇ ਦਰਜ ਹੁੰਦੇ ਰਹਿੰਦੇ ਜਿਨ੍ਹਾਂ 'ਚ ਕੁਝ ਲੋਕ ਅਸਲੀ ਦੋਸ਼ੀ ਹੁੰਦੇ ਹਨ ਪਰ ਬਹੁਤ ਸਾਰੇ ਅਜਿਹੇ ਵੀ ਹੁੰਦੇ ਹਨ ਜਿਨ੍ਹਾਂ ਨੂੰ ਕੋਈ ਨਾ ਕੋਈ ਰੰਜਿਸ਼ ਦੇ ਕਾਰਨ ਜਬਰ ਜਨਾਹ ਅਤੇ ਪੋਸਕੋ ਐਕਟ ਦੀ ਦੁਰਵਰਤੋਂ ਕਰਕੇ ਉਨ੍ਹਾਂ ਖ਼ਿਲਾਫ਼ ਕੇਸ ਦਰਜ ਕਰਵਾਏ ਜਾਂਦੇ ਹਨ ਅਤੇ ਉਨ੍ਹਾਂ ਨੂੰ ਬਿਨਾਂ ਕਿਸੇ ਕਸੂਰ ਤੋਂ ਹੀ ਜੇਲ੍ਹਾਂ 'ਚ ਜ਼ਿੰਦਗੀ ਕੱਟਣ ਲਈ ਮਜ਼ਬੂਰ ਹੋਣਾ ਪੈਂਦਾ ਹੈ ਇਸ ਤਰ੍ਹਾਂ ਹੀ ਥਾਣਾ ਪਾਤੜਾਂ 'ਚ ਜਬਰਜਨਾਹ ਅਤੇ ਪੋਸਕੋ ਐਕਟ ਤਹਿਤ ਦਰਜ਼ ਮਾਮਲੇ 'ਚ ਪਟਿਆਲਾ ਜੇਲ੍ਹ 'ਚ ਬੰਦ ਦੋ ਵਿਅਕਤੀਆਂ ਨੂੰ ਵਕੀਲ ਪਰਮਪ੍ਰੀਤ ਸਿੰਘ ਵਲੋਂ ਅਦਾਲਤ 'ਚ ਇਸ ਮਾਮਲੇ ਦੀ ਸਚਾਈ ਸਾਹਮਣੇ ਲਿਆਂਦੇ ਜਾਣ 'ਤੇ ਮਾਨਯੋਗ ਜੱਜ ਨੇ ਉਨ੍ਹਾਂ ਨੂੰ ਬਰੀ ਕਰ ਦਿੱਤਾ ਹੈ | ਇਸ ਬਾਰੇ ਜਾਣਕਾਰੀ ਦਿੰਦਿਆਂ ਵਕੀਲ ਪਰਮਪ੍ਰੀਤ ਸਿੰਘ ਨੇ ਦੱਸਿਆ ਕਿ ਥਾਣਾ ਪਾਤੜਾਂ 'ਚ 2 ਵਿਅਕਤੀਆਂ ਦੇ ਖ਼ਿਲਾਫ਼ ਇਕ ਨਾਬਾਲਗ ਲੜਕੀ ਨਾਲ ਜਬਰ ਜਨਾਹ ਕਰਨ ਦੇ ਦੋਸ਼ ਹੇਠ 376 ਅਤੇ ਪੋਸਕੋ ਐਕਟ ਦੇ ਤਹਿਤ ਕੇਸ ਦਰਜ ਕੀਤਾ ਗਿਆ ਸੀ ਅਤੇ ਇਨ੍ਹਾਂ ਵਿਅਕਤੀਆਂ ਨੂੰ ਪੁਲਿਸ ਨੇ ਗਿ੍ਫ਼ਤਾਰ ਕਰਕੇ ਪਟਿਆਲਾ ਜੇਲ੍ਹ 'ਚ ਬੰਦ ਕਰ ਦਿੱਤਾ ਸੀ | ਇਹ ਮਾਮਲਾ ਦੀ ਪੈਰਵੀ ਕਰਦਿਆਂ ਮੇਰੇ ਵਲੋਂ ਇਹ ਕੇਸ ਲੜਿਆ ਗਿਆ ਅਤੇ ਇਸ ਮਾਮਲੇ ਦੇ ਗਵਾਹ ਜਿੱਥੇ ਗਵਾਹੀ ਦੇ ਪੈਮਾਨੇ ਤੋਂ ਖਰੇ ਨਹੀ ਉਤਰੇ ਉੱਥੇ ਹੀ ਲੜਕੀ ਦੀ ਮੈਡੀਕਲ ਰਿਪੋਰਟ 'ਚ ਵੀ ਜਬਰਜਨਾਹ ਹੋਣ ਦਾ ਕੋਈ ਸਬੂਤ ਨਹੀਂ ਸੀ | ਮੇਰੇ ਵਲੋਂ ਇਸ ਕੇਸ ਦੌਰਾਨ ਵਿਰੋਧੀ ਪਾਰਟੀ ਦੇ ਵਕੀਲ ਨਾਲ ਕੀਤੀ ਗਈ ਬਹਿਸ ਦੌਰਾਨ ਪੇਸ਼ ਕੀਤੇ ਤੱਥਾਂ ਨਾਲ ਸਹਿਮਤ ਹੁੰਦਿਆਂ ਮਾਣਯੋਗ ਅਦਾਲਤ ਨਵਦੀਪ ਕੌਰ ਗਿੱਲ, ਵਧੀਕ ਸੈਸ਼ਨ ਜੱਜ ਸਪੈਸ਼ਲ ਕੋਰਟ ਪਟਿਆਲਾ ਨੇ ਜਬਰਜਨਾਹ ਅਤੇ ਪੋਸਕੋ ਕਾਨੂੰਨ 'ਚ ਪਿਛਲੇ ਡੇਢ ਸਾਲ ਤੋਂ ਬੰਦ ਦੋ ਵਿਅਕਤੀਆਂ ਨੂੰ ਬਾਇੱਜ਼ਤ ਬਰੀ ਕਰ ਦਿੱਤਾ ਹੈ ਅਤੇ ਜੋ ਸੰਗੀਨ ਧਰਾਵਾਂ ਤਹਿਤ ਪੁਲਿਸ ਨੇ ਪਰਚਾ ਦਰਜ ਕੀਤਾ ਉਹ ਮਾਨਯੋਗ ਅਦਾਲਤ 'ਚ ਝੂਠਾ ਸਾਬਤ ਹੋਇਆ ਹੈ ਜਦੋਂ ਕਿ ਕੇਸ 'ਚ ਬਣਾਏ ਦੋਸ਼ੀ ਬਿਨਾ ਕਸੂਰ ਤੋਂ ਹੀ ਡੇਢ ਸਾਲ ਤੋਂ ਜੇਲ੍ਹ ਦੀ ਸਜਾ ਭੁਗਤ ਰਹੇ ਸਨ | ਬਰੀ ਹੋਏ ਵਿਅਕਤੀਆਂ ਦੇ ਪਰਿਵਾਰਕ ਮੈਂਬਰਾਂ ਨੇ ਵਕੀਲ ਪਰਮਪ੍ਰੀਤ ਸਿੰਘ ਦਾ ਧੰਨਵਾਦ ਕਰਦਿਆਂ ਕਿਹਾ ਪਰਮਪ੍ਰੀਤ ਸਿੰਘ ਦੀ ਬਦੌਲਤ ਹੀ ਉਨ੍ਹਾਂ ਦੇ ਪਰਿਵਾਰਕ ਮੈਂਬਰ ਡੇਢ ਸਾਲ ਮਗਰੋਂ ਜੇਲ੍ਹ ਚੋਂ ਰਿਹਾਅ ਹੋ ਸਕੇ ਹਨ |