ਨਾਭਾ, 8 ਮਾਰਚ (ਕਰਮਜੀਤ ਸਿੰਘ)-ਆਮ ਆਦਮੀ ਪਾਰਟੀ ਹਲਕਾ ਨਾਭਾ ਦੇ ਨੌਜਵਾਨ ਆਗੂ ਅਤੇ ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਜੱਸੀ ਸੋਹੀਆਂ ਵਾਲਾ ਨੇ ਅੱਜ ਇੱਥੇ ਗੱਲਬਾਤ ਕਰਦਿਆਂ ਕਿਹਾ ਕਿ ਪਿਛਲੀਆਂ ਵਿਧਾਨ ਸਭਾ ਚੋਣਾਂ ਸਮੇਂ ਆਮ ਆਦਮੀ ਪਾਰਟੀ ਵਲੋਂ ਸੂਬੇ ਦੀਆਂ ਔਰਤਾਂ ਨੂੰ ਹਰ ਮਹੀਨੇ 1000-1000 ਰੁਪਏ ਸਨਮਾਨ ਰਾਸ਼ੀ ਵਜੋਂ ਦੇਣ ਦਾ ਜੋ ਵਾਅਦਾ ਕੀਤਾ ਸੀ ਉਹ ਅੱਜ ਪੇਸ਼ ਕੀਤੇ ਗਏ ਬਜਟ 'ਚ ਇਸ ਦਾ ਐਲਾਨ ਕਰਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸੂਬੇ ਦੀਆਂ ਮਾਵਾਂ ਭੈਣਾਂ ਨਾਲ ਕੀਤਾ ਵਾਅਦਾ ਪੂਰਾ ਕਰਕੇ ਆਪਣਾ ਫ਼ਰਜ਼ ਨਿਭਾਇਆ ਹੈ | ਜਿਸ ਕਰਕੇ ਸੂਬੇ ਦੀਆਂ ਔਰਤਾਂ 'ਚ ਖੁਸ਼ੀ ਦੀ ਲਹਿਰ ਹੈ | ਉਨ੍ਹਾਂ ਕਿਹਾ ਕਿ ਜਰਨਲ ਵਰਗ ਦੀਆਂ ਔਰਤਾਂ ਨੂੰ 1000 ਰੁਪਏ ਅਤੇ ਐੱਸ.ਸੀ. ਵਰਗ ਦੀਆਂ ਔਰਤਾਂ ਨੂੰ 1500 ਰੁਪਏ ਪ੍ਰਤੀ ਮਹੀਨਾ ਦੇ ਕੇ ਉਨ੍ਹਾਂ ਨੂੰ ਅੰਤਰਰਾਸ਼ਟਰੀ ਮਹਿਲਾ ਦਿਵਸ ਮੌਕੇ ਵੱਡਾ ਤੋਹਫ਼ਾ ਦਿੱਤਾ ਹੈ | ਚੇਅਰਮੈਨ ਜੱਸੀ ਸੋਹੀਆਂ ਵਾਲਾ ਨੇ ਕਿਹਾ ਆਮ ਆਦਮੀ ਪਾਰਟੀ ਦੀ ਸਰਕਾਰ ਪਹਿਲੀ ਸਰਕਾਰ ਹੈ ਜਿਸ ਨੇ ਲੋਕਾਂ ਨਾਲ ਕੀਤੇ ਆਪਣੇ ਸਾਰੇ ਵਾਅਦੇ ਚਾਰ ਸਾਲਾਂ 'ਚ ਪੂਰੇ ਕਰਕੇ ਦਿਖਾਏ ਹਨ |