ਦੇਵੀਗੜ੍ਹ, 8 ਮਾਰਚ (ਰਾਜਿੰਦਰ ਸਿੰਘ ਮੌਜੀ)-ਪੰਜਾਬ ਵਿਚ ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕਣ ਅਤੇ ਲੋੜਵੰਦ ਵਿਦਿਆਰਥੀਆਂ ਨੂੰ ਮੁਕਾਬਲੇਬਾਜ਼ੀ ਦੇ ਦੌਰ 'ਚ ਬਰਾਬਰ ਦੇ ਮੌਕੇ ਪ੍ਰਦਾਨ ਕਰਨ ਲਈ 'ਐਜੂਕੇਟ ਪੰਜਾਬ ਪ੍ਰੋਜੈਕਟ' ਵਲੋਂ ਇਕ ਬੇਹੱਦ ਸ਼ਲਾਘਾਯੋਗ ਮੁਹਿੰਮ ਵਿੱਢੀ ਗਈ ਹੈ | ਸੰਸਥਾ ਨੇ ਚੰਗੇ ਅਤੇ ਨੈਤਿਕ ਕਦਰਾਂ-ਕੀਮਤਾਂ ਵਾਲੇ ਸਮਾਜ ਦੀ ਸਿਰਜਣਾ ਦੇ ਉਦੇਸ਼ ਨਾਲ ਪੰਜਾਬ ਦੇ ਵੱਖ-ਵੱਖ ਪਿੰਡਾਂ ਅਤੇ ਸ਼ਹਿਰਾਂ 'ਚ ਸੰਗਤਾਂ ਦੇ ਸਹਿਯੋਗ ਨਾਲ 100 ਮੁਫ਼ਤ ਸਕੂਲ ਖੋਲ੍ਹਣ ਦਾ ਵੱਡਾ ਟੀਚਾ ਮਿਥਿਆ ਹੈ | ਇਨ੍ਹਾਂ ਸਕੂਲਾਂ ਨੂੰ 'ਗੁਰੂ ਨਾਨਕ ਅਕੈਡਮੀ' ਦੇ ਨਾਂ ਹੇਠ ਚਲਾਇਆ ਜਾ ਰਿਹਾ ਹੈ, ਜਿੱਥੇ ਵਿਦਿਆਰਥੀਆਂ ਨੂੰ ਮਿਆਰੀ ਸਿੱਖਿਆ ਦੇ ਨਾਲ-ਨਾਲ ਉੱਚ-ਕੋਟੀ ਦੀਆਂ ਸਹੂਲਤਾਂ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ | ਇਸ ਸੰਬੰਧੀ ਅਹਿਮ ਜਾਣਕਾਰੀ ਸਾਂਝੀ ਕਰਦਿਆਂ ਸੰਸਥਾ ਦੇ ਜੋਨ ਇੰਚਾਰਜ ਭਾਈ ਦਲਜੀਤ ਸਿੰਘ ਨੇ ਦੱਸਿਆ ਕਿ 'ਐਜੂਕੇਟ ਪੰਜਾਬ ਪ੍ਰੋਜੈਕਟ' ਦੇ ਮੁਖੀ ਭਾਈ ਜਸਵਿੰਦਰ ਸਿੰਘ ਦਾ ਮੁੱਖ ਨਿਸ਼ਾਨਾ ਅਜਿਹੇ ਬੱਚਿਆਂ ਤੱਕ ਪਹੁੰਚ ਕਰਨਾ ਹੈ, ਜੋ ਆਰਥਿਕ ਤੰਗੀ ਕਾਰਨ ਮਿਆਰੀ ਸਿੱਖਿਆ ਤੋਂ ਵਾਂਝੇ ਰਹਿ ਜਾਂਦੇ ਹਨ | ਉਨ੍ਹਾਂ ਦੱਸਿਆ ਕਿ ਇਨ੍ਹਾਂ ਅਕੈਡਮੀਆਂ 'ਚ ਪੜ੍ਹਾਈ ਕਰਨ ਵਾਲੇ ਕਿਸੇ ਵੀ ਵਿਦਿਆਰਥੀ ਪਾਸੋਂ ਕੋਈ ਫ਼ੀਸ ਨਹੀਂ ਲਈ ਜਾਵੇਗੀ | ਇਹ ਸਕੂਲ ਪੂਰੀ ਤਰ੍ਹਾਂ ਸੰਗਤਾਂ ਦੇ ਦਸਵੰਧ ਅਤੇ ਸਹਿਯੋਗ ਨਾਲ ਚਲਾਏ ਜਾ ਰਹੇ ਹਨ ਤਾਂ ਜੋ ਵਿੱਦਿਆ ਦਾ ਵਪਾਰੀਕਰਨ ਰੋਕ ਕੇ ਇਸ ਨੂੰ ਘਰ-ਘਰ ਪਹੁੰਚਾਇਆ ਜਾ ਸਕੇ | ਭਾਈ ਦਲਜੀਤ ਸਿੰਘ ਨੇ ਅੱਗੇ ਦੱਸਿਆ ਕਿ ਇਸ ਪ੍ਰੋਜੈਕਟ ਤਹਿਤ ਕੇਵਲ ਫ਼ੀਸ ਹੀ ਮੁਆਫ਼ ਨਹੀਂ ਕੀਤੀ ਗਈ, ਸਗੋਂ ਵਿਦਿਆਰਥੀਆਂ ਦੀ ਸਹਾਇਤਾ ਲਈ ਵੱਡੇ ਪੱਧਰ 'ਤੇ ਯੋਜਨਾਵਾਂ ਉਲੀਕੀਆਂ ਗਈਆਂ ਹਨ | ਜਿੰਨਾ ਵਿਚ ਸੰਸਥਾ ਵਲੋਂ ਸੂਬੇ ਦੇ ਲਗਭਗ 5000 ਹੋਣਹਾਰ ਅਤੇ ਲੋੜਵੰਦ ਵਿਦਿਆਰਥੀਆਂ ਨੂੰ ਵਜ਼ੀਫ਼ਾ ਦਿੱਤਾ ਜਾ ਰਿਹਾ ਹੈ | ਇਸ ਦੇ ਨਾਲ ਹੀ ਅਕੈਡਮੀ 'ਚ ਪੜ੍ਹਨ ਵਾਲੇ ਬੱਚਿਆਂ ਨੂੰ ਸਕੂਲ ਬੈਗ, ਕਿਤਾਬਾਂ ਅਤੇ ਕਾਪੀਆਂ ਆਦਿ ਸਮਾਨ ਵੀ ਬਿਲਕੁਲ ਮੁਫ਼ਤ ਮੁਹੱਈਆ ਕਰਵਾਇਆ ਜਾ ਰਿਹਾ ਹੈ | ਸਕੂਲੀ ਪਾਠਕ੍ਰਮ ਦੇ ਨਾਲ-ਨਾਲ ਬੱਚਿਆਂ ਨੂੰ ਉੱਚੇ-ਸੁੱਚੇ ਇਖ਼ਲਾਕ ਅਤੇ ਪੰਜਾਬੀ ਵਿਰਸੇ ਅਤੇ ਸਿੱਖ ਇਤਿਹਾਸ ਨਾਲ ਜੋੜਨ ਲਈ ਵੀ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ | ਸੰਸਥਾ ਦੇ ਆਗੂਆਂ ਦਾ ਕਹਿਣਾ ਹੈ ਕਿ ਅੱਜ ਦੇ ਸਮੇਂ 'ਚ ਨਸ਼ਿਆਂ ਅਤੇ ਗਲਤ ਰੁਝਾਨਾਂ ਨੂੰ ਰੋਕਣ ਲਈ ਸਿੱਖਿਆ ਹੀ ਸਭ ਤੋਂ ਮਜ਼ਬੂਤ ਹਥਿਆਰ ਹੈ | ਉਨ੍ਹਾਂ ਦੱਸਿਆ ਕਿ ਵੱਖ-ਵੱਖ ਇਲਾਕਿਆਂ 'ਚ ਗੁਰੂ ਨਾਨਕ ਅਕੈਡਮੀਆਂ ਖੋਲ੍ਹਣ ਦੀ ਪ੍ਰਕਿਰਿਆ ਤੇਜ਼ੀ ਨਾਲ ਜਾਰੀ ਹੈ | ਜਿਸ ਦੇ ਤਹਿਤ ਇਕ ਅਕੈਡਮੀ ਪਿੰਡ ਧਾਂਦੀਆਂ ਅਤੇ ਦੂਜੀ ਕਾਂਮੀ ਕਲਾਂ ਘਨੌਰ ਚੱਲ ਰਹੀ ਹੈ | ਉਨ੍ਹਾਂ ਦੱਸਿਆ ਕਿ ਇਸ ਖੇਤਰ ਦੀ ਯੋਗ ਅਗਵਾਈ ਬੀਬੀ ਜਸਪ੍ਰੀਤ ਕੌਰ, ਰਾਜ ਦੀਪ ਸਿੰਘ, ਤੇਜਿੰਦਰ ਸਿੰਘ ਅਤੇ ਦਵਿੰਦਰ ਸਿੰਘ ਕਰ ਰਹੇ ਹਨ | ਉਨ੍ਹਾਂ ਇਹ ਵੀ ਦੱਸਿਆ ਕਿ ਭਾਈ ਜਸਵਿੰਦਰ ਸਿੰਘ ਯੂ.ਕੇ. ਦੀ ਧਰਤੀ 'ਤੇ ਬੈਠ ਕੇ ਵੀ ਪੰਜਾਬ ਦੇ ਬੱਚਿਆਂ ਦੀ ਵਿਦਿਆ ਵਿਸਥਾਰ ਲਈ ਚਿੰਤਤ ਅਤੇ ਪੰਜਾਬ ਦੇ ਹਰ ਜਮਾਤ ਦੇ ਜ਼ਰੂਰਤਮੰਦ ਵਿਦਿਆਰਥੀ ਲਈ ਯੋਗ ਸਹਾਇਤਾ ਲਈ ਤਤਪਰ ਹਨ | ਭਾਈ ਦਲਜੀਤ ਸਿੰਘ ਨੇ ਸਮੂਹ ਦਾਨੀ ਸੱਜਣਾਂ ਅਤੇ ਸੰਗਤਾਂ ਨੂੰ ਅਪੀਲ ਕੀਤੀ ਕਿ ਉਹ ਵਿੱਦਿਆ ਦੇ ਇਸ ਮਹਾਨ ਕਾਰਜ 'ਚ ਆਪਣਾ ਬਣਦਾ ਯੋਗਦਾਨ ਪਾਉਣ ਤਾਂ ਜੋ ਪੰਜਾਬ ਦਾ ਕੋਈ ਵੀ ਬੱਚਾ ਅਨਪੜ੍ਹ ਨਾ ਰਹੇ |