ਪਟਿਆਲਾ, 9 ਮਾਰਚ (ਅ.ਸ. ਆਹਲੂਵਾਲੀਆ)-ਪਟਿਆਲਾ ਨੂੰ ਦੇਸ ਦੇ ਸਭ ਤੋਂ ਸਾਫ਼-ਸੁਥਰੇ ਸ਼ਹਿਰਾਂ ਦੀ ਸੂਚੀ ਵਿਚ ਮੋਹਰੀ ਸਥਾਨ ਦਿਵਾਉਣ ਲਈ ਨਗਰ ਨਿਗਮ ਵਲੋਂ ਇਕ ਵੱਡੀ ਮੁਹਿੰਮ ਵਿੱਢੀ ਗਈ ਹੈ | ਇਸੇ ਕੜੀ ਤਹਿਤ ਮੇਅਰ ਕੁੰਦਨ ਗੋਗੀਆ ਵਲੋਂ ਸ਼ਹਿਰ ਦੀ ਸਫ਼ਾਈ ਲਈ ਵਿਸ਼ੇਸ਼ ''ਸਵੀਪਿੰਗ ਮਸ਼ੀਨਾਂ'' ਨੂੰ ਕੰਮ ਸ਼ੁਰੂ ਕਰਵਾ ਕੇ ਰਵਾਨਾ ਕੀਤਾ ਗਿਆ | ਇਸ ਮੌਕੇ ਮੇਅਰ ਅਤੇ ਕਮਿਸ਼ਨਰ ਨੇ ਸਪਸ਼ਟ ਕੀਤਾ ਕਿ ਸ਼ਹਿਰ ਵਾਸੀਆਂ ਨੂੰ ਕੂੜਾ ਮੁਕਤ ਅਤੇ ਸਿਹਤਮੰਦ ਵਾਤਾਵਰਨ ਮੁਹੱਈਆ ਕਰਵਾਉਣਾ ਨਗਰ ਨਿਗਮ ਦੀ ਸਭ ਤੋਂ ਵੱਡੀ ਪਹਿਲ ਹੈ | ਉਨ੍ਹਾਂ ਦੱਸਿਆ ਕਿ ਸਫ਼ਾਈ ਮੁਹਿੰਮ ਦੇ ਪਹਿਲੇ ਫੇਸ ਦੀ ਸ਼ੁਰੂਆਤ ਸ਼ਹਿਰ ਦੇ ਪ੍ਰਮੁੱਖ ਇਲਾਕਿਆਂ ਤਿ੍ਪੜੀ, ਬਾਰਾਂਦਰੀ ਅਤੇ ਮਾਡਲ ਟਾਊਨ ਤੋਂ ਕੀਤੀ ਗਈ ਹੈ | ਇਨ੍ਹਾਂ ਇਲਾਕਿਆਂ ਵਿਚ ਮਸ਼ੀਨਾਂ ਰਾਹੀਂ ਸੜਕਾਂ ਦੀ ਸਫ਼ਾਈ ਦਾ ਕੰਮ ਤੁਰੰਤ ਪ੍ਰਭਾਵ ਨਾਲ ਸ਼ੁਰੂ ਕਰ ਦਿੱਤਾ ਗਿਆ ਹੈ | ਮੇਅਰ ਅਨੁਸਾਰ, ਇਨ੍ਹਾਂ ਮਸ਼ੀਨਾਂ ਦੀ ਵਰਤੋਂ ਨਾਲ ਸ਼ਹਿਰ ਦੇ ਅੰਦਰੂਨੀ ਅਤੇ ਭੀੜ-ਭੜੱਕੇ ਵਾਲੇ ਹਿੱਸਿਆਂ ਵਿਚ ਵੀ ਹੁਣ ਬਹੁਤ ਬਿਹਤਰ ਤਰੀਕੇ ਨਾਲ ਸਫ਼ਾਈ ਹੋ ਸਕੇਗੀ, ਜਿੱਥੇ ਪਹਿਲਾਂ ਮੈਨੂਅਲ ਸਫ਼ਾਈ ਕਰਨਾ ਚੁਣੌਤੀਪੂਰਨ ਹੁੰਦਾ ਸੀ | ਕਮਿਸ਼ਨਰ ਪਰਮਜੀਤ ਸਿੰਘ ਨੇ ਦੱਸਿਆ ਕਿ ਇਸ ਸਫ਼ਾਈ ਮੁਹਿੰਮ ਦੀ ਗੁਣਵੱਤਾ ਅਤੇ ਪਾਰਦਰਸ਼ਤਾ ਨੂੰ ਯਕੀਨੀ ਬਣਾਉਣ ਲਈ ਖ਼ੁਦ ਨਗਰ ਨਿਗਮ ਦੀ ਟੀਮ ਡਿਜੀਟਲ ਤਰੀਕੇ ਨਾਲ ਇਸ ਦੀ ਮਨੀਟਰਿੰਗ ਕਰੇਗੀ | ਇਸ ਨਾਲ ਠੇਕੇਦਾਰਾਂ ਦੀ ਮਨਮਾਨੀ ਖ਼ਤਮ ਹੋਵੇਗੀ ਅਤੇ ਕੰਮ ਦੀ ਗੁਣਵੱਤਾ ਵਿਚ ਵੱਡਾ ਸੁਧਾਰ ਆਵੇਗਾ | ਇਸ ਮੌਕੇ ਉਨ੍ਹਾਂ ਨਗਰ ਨਿਗਮ ਤੋਂ ਡਾ. ਨਵਿੰਦਰ ਸਿਹਤ ਅਫ਼ਸਰ, ਚੀਫ਼ ਸੈਨੇਟਰੀ ਅਫ਼ਸਰ ਨਵਦੀਪ ਸ਼ਰਮਾ, ਐੱਸ.ਡੀ.ਓ. ਮਨੀਸ਼, ਮੋਹਿਤ ਜਿੰਦਲ, ਰਾਜੇਸ਼ ਮੱਟੂ, ਹਰਵਿੰਦਰ ਸਿੰਘ, ਜਗਤਾਰ ਸਿੰਘ, ਇੰਦਰਜੀਤ ਸਿੰਘ, ਰਿਸ਼ਭ ਗੁਪਤਾ ਵੀ ਵਿਸ਼ੇਸ਼ ਤੌਰ 'ਤੇ ਮੌਜੂਦ ਸਨ |