ਪਟਿਆਲਾ, 9 ਮਾਰਚ (ਧਰਮਿੰਦਰ ਸਿੰਘ ਸਿੱਧੂ)-ਪੰਜਾਬ ਤੋਂ ਵੱਡੀ ਗਿਣਤੀ ਵਿਚ ਜਨਰਲ ਕੈਟਾਗਰੀ ਵੈੱਲਫੇਅਰ ਫੈਡਰੇਸ਼ਨ ਪੀਐਸਪੀਸੀਐਲ ਪੀਐਸਟੀਸੀਅਲ ਪੰਜਾਬ, ਜਨਰਲ ਪੀਸੀ ਅਧਿਆਪਕ ਮੰਚ ਅਤੇ ਪੰਜਾਬੀ ਯੂਨੀਵਰਸਿਟੀ ਦੇ ਆਗੂ ਜਸਵੰਤ ਸਿੰਘ ਧਾਲੀਵਾਲ, ਚੇਅਰਮੈਨ ਕੁਲਜੀਤ ਸਿੰਘ ਰਟੋਲ ਪ੍ਰਧਾਨ, ਸੁਖਪ੍ਰੀਤ ਸਿੰਘ ਸਕੱਤਰ ਜਨਰਲ, ਗੁਰਮੀਤ ਸਿੰਘ ਬਾਗੜੀ, ਜਸਵਿੰਦਰ ਰਾਮ, ਹਰਗੁਰਮੀਤ ਸਿੰਘ, ਸੁਖਵੀਰਪਾਲ ਸਿੰਘ ਅਤੇ ਪ੍ਰਵੀਨ ਕੁਮਾਰ ਦੀ ਰਹਿਨੁਮਾਈ ਹੇਠ ਜੰਤਰ ਮੰਤਰ ਦਿੱਲੀ ਵਿਖੇ ਵਿਰੋਧ ਪ੍ਰਦਰਸ਼ਨ ਵਿਚ ਸ਼ਾਮਲ ਹੋਣ ਲਈ ਜਾ ਰਹੇ ਸਨ | ਇਹ ਵਿਰੋਧ ਯੂਨੀਵਰਸਿਟੀ ਗਰਾਂਟ ਕਮਿਸ਼ਨ ਵਲੋਂ ਪ੍ਰਸਤਾਵਿਤ ਸੋਧਾਂ ਦੇ ਖ਼ਿਲਾਫ਼ ਪੂਰੇ ਭਾਰਤ ਦੇਸ਼ ਦੇ ਜਨਰਲ ਵਰਗ ਨਾਲ ਸੰਬੰਧਿਤ ਧਾਰਮਿਕ, ਰਾਜਨੀਤਿਕ ਅਤੇ ਜਨਰਲ ਵਰਗ ਦੀਆਂ ਹੋਰ ਵੱਖ-ਵੱਖ ਫੈਡਰੇਸ਼ਨਾਂ, ਸੰਸਥਾਵਾਂ ਵਲੋਂ ਪ੍ਰੋਗਰਾਮ ਦਿੱਤਾ ਗਿਆ ਸੀ | ਪੰਜਾਬ ਤੋਂ ਫੈਡਰੇਸ਼ਨ ਦੇ ਆਗੂ ਵੱਡੀ ਗਿਣਤੀ ਵਿਚ ਬਹੁਤ ਹੀ ਸ਼ਾਂਤਮਈ ਤਰੀਕੇ ਨਾਲ ਦਿੱਲੀ ਵੱਲ ਜਾ ਰਹੇ ਸਨ ਤਾਂ ਅਚਾਨਕ ਹਰਿਆਣਾ ਪੁਲਿਸ ਵਲੋਂ ਬਸਤਾਰਾ ਟੋਲ ਪਲਾਜੇ 'ਤੇ ਭਾਰੀ ਪੁਲਿਸ ਬਲ ਤੈਨਾਤ ਕਰ ਦਿੱਤਾ ਗਿਆ ਅਤੇ ਪੰਜਾਬ ਤੋਂ ਦਿੱਲੀ ਵੱਲ ਜਾ ਰਹੇ ਜਨਰਲ ਕੈਟਾਗਰੀ ਦੇ ਲੋਕਾਂ ਨੂੰ ਜ਼ਬਰਦਸਤੀ ਰੋਕ ਦਿੱਤਾ ਗਿਆ | ਹਰਿਆਣਾ ਪੁਲਿਸ ਨੇ ਉਨ੍ਹਾਂ ਨੂੰ ਜੰਤਰ ਮੰਤਰ ਤੇ ਸ਼ਾਂਤਮਈ ਢੰਗ ਨਾਲ ਆਪਣਾ ਵਿਰੋਧ ਦਰਜ ਕਰਨ ਲਈ ਦਿੱਲੀ ਜਾਣ ਦੀ ਆਗਿਆ ਨਹੀਂ ਦਿੱਤੀ ਗਈ | ਜਨਰਲ ਕੈਟਾਗਰੀ ਦੇ ਆਗੂਆਂ ਵਲੋਂ ਵਾਰ-ਵਾਰ ਬੇਨਤੀ ਕਰਨ ਦੇ ਬਾਵਜੂਦ ਵੀ ਪੁਲਿਸ ਨੇ ਉਨ੍ਹਾਂ ਨੂੰ ਆਪਣਾ ਸਫ਼ਰ ਜਾਰੀ ਰੱਖਣ ਦੀ ਆਗਿਆ ਨਹੀਂ ਦਿੱਤੀ ਅਤੇ ਉਨ੍ਹਾਂ ਦਿੱਲੀ ਵਿਖੇ ਜੰਤਰ ਮੰਤਰ ਵਿਚ ਹੋ ਰਹੇ ਰੋਸ ਪ੍ਰਦਰਸ਼ਨ ਵਿਚ ਹਿੱਸਾ ਲੈਣ ਨਹੀਂ ਦਿੱਤਾ ਗਿਆ | ਜਿਸ ਦੇ ਰੋਸ ਵਜੋਂ ਜਨਰਲ ਵਰਗ ਦੇ ਲੋਕਾਂ ਵਲੋਂ ਹਰਿਆਣਾ ਸਰਕਾਰ ਅਤੇ ਕੇਂਦਰ ਸਰਕਾਰ ਵਿਰੁੱਧ ਭਾਰੀ ਨਾਅਰੇਬਾਜ਼ੀ ਕਰਦੇ ਹੋਏ ਆਪਣਾ ਰੋਸ ਪ੍ਰਗਟ ਕੀਤਾ ਗਿਆ | ਜਨਰਲ ਵਰਗ ਦੇ ਲੋਕਾਂ ਨੇ ਹਰਿਆਣਾ ਪੁਲਿਸ ਦੀ ਇਸ ਕਾਰਵਾਈ ਅਤੇ ਸਰਕਾਰ ਦੇ ਇਸ ਰਵੱਈਏ ਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਕਰਦੇ ਹੋਏ ਕਿਹਾ ਕਿ ਸ਼ਾਂਤਮਈ ਢੰਗ ਨਾਲ ਆਪਣੀ ਗੱਲ ਰੱਖਣਾ ਹਰ ਨਾਗਰਿਕ ਦਾ ਲੋਕਤੰਤਰਿਕ ਅਧਿਕਾਰ ਹੈ ਅਤੇ ਉਨ੍ਹਾਂ ਨੂੰ ਆਪਣਾ ਵਿਰੋਧ ਦਰਜ ਕਰਨ ਤੋਂ ਨਹੀਂ ਰੋਕਿਆ ਜਾਣਾ ਚਾਹੀਦਾ | ਇਸ ਬਾਰੇ ਜਨਰਲ ਕੈਟਾਗਰੀ ਦੇ ਆਗੂਆਂ ਦਾ ਕਹਿਣਾ ਹੈ ਕਿ ਇਨ੍ਹਾਂ ਸੋਧਾਂ ਨਾਲ ਉਨ੍ਹਾਂ ਦੇ ਬੱਚਿਆਂ ਨਾਲ ਬਹੁਤ ਵੱਡਾ ਅਨਿਆਂ ਹੋਵੇਗਾ | ਇਨ੍ਹਾਂ ਸੋਧਾਂ ਰਾਹੀਂ ਜਨਰਲ ਵਰਗ ਦੇ ਬੱਚਿਆਂ ਵਿਰੁੱਧ ਕੋਈ ਹੋਰ ਜਾਤੀ ਦਾ ਵਿਦਿਆਰਥੀ ਝੂਠੀ ਸ਼ਿਕਾਇਤ ਦਰਜ ਕਰਵਾ ਸਕਦਾ ਹੈ | ਜਿਸ ਨਾਲ ਜਨਰਲ ਵਰਗ ਦੇ ਬੱਚਿਆ ਵਿਚ ਸਹਿਮ ਦਾ ਮਾਹੌਲ ਪੈਦਾ ਹੋਵੇਗਾ ਅਤੇ ਉਨ੍ਹਾਂ ਦੀ ਪੜ੍ਹਾਈ 'ਤੇ ਬਹੁਤ ਭੈੜਾ ਅਸਰ ਹੋਵੇਗਾ ਜਿਸ ਨਾਲ ਉਨ੍ਹਾਂ ਦਾ ਆਉਣ ਵਾਲੇ ਭਵਿੱਖ 'ਤੇ ਅਸਰ ਪੈ ਸਕਦਾ ਹੈ | ਆਗੂਆਂ ਵਲੋਂ ਇਹ ਵੀ ਦੱਸਿਆ ਗਿਆ ਕਿ ਝੂਠੀ ਸ਼ਿਕਾਇਤ ਦਰਜ ਕਰਵਾਉਣ ਵਾਲੇ ਵਿਦਿਆਰਥੀ ਜਾਂ ਵਿਅਕਤੀ ਵਿਰੁੱਧ ਕਿਸੇ ਵੀ ਕਿਸਮ ਦੀ ਸਜ਼ਾ ਦੀ ਕੋਈ ਵਿਵਸਥਾ ਨਹੀਂ ਰੱਖੀ ਗਈ | ਇਸ ਧਰਨੇ ਵਿਚ ਫੈਡਰੇਸ਼ਨ ਦੇ ਆਗੂ ਮਨਪ੍ਰੀਤ ਸ਼ਰਮਾ, ਅੱਛਰ ਕੁਮਾਰ, ਸੁਖਦੇਵ ਭੰਡਾਰੀ, ਚੰਦਨ ਕਾਂਸਲ, ਨਰਿੰਦਰ ਸ਼ਰਮਾ, ਰਛਪਾਲ ਸਿੰਘ, ਸੁਰਿੰਦਰ ਸਿੰਘ ਤੋਂ ਇਲਾਵਾ ਗਿਣਤੀ ਵਿਚ ਆਗੂਆਂ ਵਲੋਂ ਹਿੱਸਾ ਲਿਆ ਗਿਆ |