ਪਟਿਆਲਾ, 9 ਮਾਰਚ (ਧਰਮਿੰਦਰ ਸਿੰਘ ਸਿੱਧੂ)-ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਸੂਬੇ ਭਰ ਵਿਚ ਬੋਰਡ ਜਮਾਤਾਂ ਦੀਆਂ ਪ੍ਰੀਖਿਆਵਾਂ ਜਾ ਰਹੀਆਂ ਹਨ | ਜਿਸ ਤਹਿਤ ਪੰਜਵੀਂ ਜਮਾਤ ਦੀਆਂ ਪ੍ਰੀਖਿਆਵਾਂ ਵੀ ਜਾਰੀ ਹਨ | ਇਸੇ ਦੇ ਚੱਲਦਿਆਂ ਬਲਾਕ ਪਟਿਆਲਾ-2 ਦੇ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਪਿ੍ਥੀ ਸਿੰਘ ਵਲੋਂ ਬਲਾਕ ਅਧੀਨ ਪੈਂਦੇ ਵੱਖ-ਵੱਖ ਪ੍ਰੀਖਿਆ ਕੇਂਦਰਾਂ ਦਾ ਅਚਾਨਕ ਦੌਰਾ ਕੀਤਾ ਗਿਆ | ਉਨ੍ਹਾਂ ਨੇ ਸਭ ਤੋਂ ਪਹਿਲਾਂ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਨਿਊ ਯਾਦਵਿੰਦਰਾ ਕਲੋਨੀ ਦਾ ਅਚਨਚੇਤ ਦੌਰਾ ਕੀਤਾ | ਜਿੱਥੇ ਉਹਨਾਂ ਨੇ ਸਭ ਤੋਂ ਪਹਿਲਾਂ ਵਿਦਿਆਰਥੀਆਂ ਦੇ ਬੈਠਣ ਦੇ ਪ੍ਰਬੰਧ ਦਾ ਜਾਇਜ਼ਾ ਲਿਆ | ਇਸ ਦੇ ਨਾਲ ਹੀ ਗਰਮੀ ਦੇ ਚੱਲਦਿਆਂ ਵਿਦਿਆਰਥੀਆਂ ਲਈ ਹਵਾਦਾਰ ਕਮਰੇ ਅਤੇ ਪੀਣ ਵਾਲੇ ਪਾਣੀ ਦੇ ਪ੍ਰਬੰਧ ਬਾਰੇ ਜਾਣਕਾਰੀ ਲਈ ਗਈ | ਇਸ ਤੋਂ ਬਾਅਦ ਬੀਪੀਈਓ ਪਿ੍ਥੀ ਸਿੰਘ ਨੇ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਮਲਟੀਪਰਪਜ਼, ਸਰਕਾਰੀ ਐਲੀਮੈਂਟਰੀ ਸਮਾਰਟ ਸਕੂਲ ਖੁਸਰੋਪੁਰ ਅਤੇ ਸਰਕਾਰੀ ਐਲੀਮੈਂਟਰੀ ਸਮਾਰਟ ਸਕੂਲ ਪਿੰਡ ਮੈਣ ਵਿਖੇ ਚੱਲ ਰਹੇ ਪ੍ਰੀਖਿਆ ਕੇਂਦਰਾਂ ਦਾ ਅਚਨਚੇਤ ਦੌਰਾ ਕੀਤਾ | ਇਹਨਾਂ ਪ੍ਰੀਖਿਆ ਕੇਂਦਰਾਂ ਵਿਚ ਉਨ੍ਹਾਂ ਨੇ ਵਿਦਿਆਰਥੀਆਂ ਨਾਲ ਗੱਲਬਾਤ ਕੀਤੀ | ਉਨ੍ਹਾਂ ਨੇ ਵਿਦਿਆਰਥੀਆਂ ਨੂੰ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਆਉਣ 'ਤੇ ਸੰਬੰਧਿਤ ਅਧਿਆਪਕ ਨਾਲ ਗੱਲ ਕਰਨ ਲਈ ਕਿਹਾ | ਇਸ ਦੌਰੇ ਮੌਕੇ ਗੱਲਬਾਤ ਕਰਦਿਆਂ ਬੀਪੀਈਓ ਪਿ੍ਥੀ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਸਕੂਲੀ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੀ ਯੋਗ ਅਗਵਾਈ ਹੇਠ ਸੂਬੇ ਭਰ ਦੇ ਸਕੂਲ ਪ੍ਰਗਤੀ ਦੀ ਰਾਹ 'ਤੇ ਹਨ | ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਨੂੰ ਪ੍ਰੀਖਿਆਵਾਂ ਦੌਰਾਨ ਕਿਸੇ ਤਰ੍ਹਾਂ ਦੀ ਸਮੱਸਿਆ ਦਾ ਸਾਹਮਣਾ ਨਹੀਂ ਕਰਨਾ ਪੈ ਰਿਹਾ | ਪ੍ਰੀਖਿਆਵਾਂ ਦੌਰਾਨ ਵਿਦਿਆਰਥੀਆਂ ਲਈ ਹਰ ਇੱਕ ਤਰ੍ਹਾਂ ਦੇ ਪ੍ਰਬੰਧ ਕੀਤੇ ਗਏ ਹਨ | ਉਨ੍ਹਾਂ ਅੱਗੇ ਕਿਹਾ ਕਿ ਪੰਜਾਬ ਦੇ ਸਰਕਾਰੀ ਸਕੂਲ ਹਰ ਇੱਕ ਪੱਖ ਤੋਂ ਵਿਕਾਸ ਕਰ ਰਹੇ ਹਨ | ਸਰਕਾਰੀ ਸਕੂਲਾਂ ਦੇ ਪੜੇ ਹੋਏ ਵਿਦਿਆਰਥੀ ਆਈਏਐਸ, ਪੀਸੀਐਸ, ਇੰਜੀਨੀਅਰ, ਡਾਕਟਰ ਸਮੇਤ ਹੋਰ ਵੱਕਾਰੀ ਸੀਟਾਂ ਤੇ ਕਾਰਜਸ਼ੀਲ ਹਨ | ਇਸ ਲਈ ਸਾਨੂੰ ਆਪਣੇ ਬੱਚਿਆਂ ਨੂੰ ਸਰਕਾਰੀ ਸਕੂਲਾਂ ਵਿਚ ਦਾਖਲ ਕਰਵਾਉਣਾ ਚਾਹੀਦਾ ਹੈ |