ਸਮਾਣਾ, 10 ਮਾਰਚ (ਸਾਹਿਬ ਸਿੰਘ)-ਜ਼ਿਲ੍ਹਾ ਪਟਿਆਲਾ ਭੱਠਾ ਮਾਲਕ ਐਸੋਸੀਏਸ਼ਨ ਦੀ ਕਾਰਜਕਾਰਨੀ ਦੀ ਇਕ ਮਹੱਤਵਪੂਰਨ ਮੀਟਿੰਗ ਸੰਸਥਾ ਦੇ ਚੇਅਰਮੈਨ ਯਸ਼ਪਾਲ ਸਿੰਗਲਾ ਦੀ ਰਹਿਨੁਮਾਈ ਹੇਠ ਹੋਈ, ਜਿਸ ਵਿਚ ਜ਼ਿਲ੍ਹੇ ਭਰ ਤੋਂ ਭੱਠਾ ਮਾਲਕਾਂ ਨੇ ਵੱਡੀ ਗਿਣਤੀ ਵਿਚ ਸ਼ਿਰਕਤ ਕੀਤੀ | ਮੀਟਿੰਗ ਦੌਰਾਨ ਭੱਠਾ ਇੰਡਸਟਰੀ ਨੂੰ ਦਰਪੇਸ਼ ਗੰਭੀਰ ਮੁੱਦਿਆਂ, ਖ਼ਾਸ ਕਰਕੇ ਕੋਲੇ ਦੀ ਘਾਟ ਅਤੇ ਕੇਂਦਰ ਸਰਕਾਰ ਦੀਆਂ ਨੀਤੀਆਂ ਕਾਰਨ ਕੋਲੇ ਦੀ ਸਪਲਾਈ ਵਿਚ ਆ ਰਹੀਆਂ ਮੁਸ਼ਕਲਾਂ ਬਾਰੇ ਵਿਸਥਾਰ ਨਾਲ ਚਰਚਾ ਕੀਤੀ ਗਈ | ਮੀਟਿੰਗ ਵਿਚ ਬੋਲਦੇ ਹੋਏ ਪ੍ਰਧਾਨ ਹਰਸ਼ ਗੁਪਤਾ ਅਤੇ ਜਨਰਲ ਸਕੱਤਰ ਅਨੂਪ ਸਿੰਗਲਾ ਨੇ ਕਿਹਾ ਕਿ ਕੋਲੇ ਦੀ ਲਗਾਤਾਰ ਕਮੀ ਅਤੇ ਉੱਚੇ ਰੇਟਾਂ ਕਾਰਨ ਭੱਠਾ ਉਦਯੋਗ ਉੱਤੇ ਬਹੁਤ ਵੱਡਾ ਆਰਥਿਕ ਬੋਝ ਪੈ ਰਿਹਾ ਹੈ | ਮੌਜੂਦਾ ਹਾਲਾਤਾਂ ਵਿਚ ਭੱਠਾ ਚਲਾਉਣਾ ਹਰ ਭੱਠਾ ਮਾਲਕ ਲਈ ਬਹੁਤ ਮੁਸ਼ਕਲ ਹੋ ਗਿਆ ਹੈ | ਇਨ੍ਹਾਂ ਹਾਲਤਾਂ ਨੂੰ ਧਿਆਨ ਵਿਚ ਰੱਖਦੇ ਹੋਏ ਮੀਟਿੰਗ ਵਿਚ ਇਹ ਮਹੱਤਵਪੂਰਨ ਫ਼ੈਸਲਾ ਲਿਆ ਗਿਆ ਕਿ ਚੱਲਦੇ ਸੀਜ਼ਨ ਵਿਚ ਭੱਠੇ ਆਮ ਸਮੇਂ ਤੋਂ ਇਕ ਮਹੀਨਾ ਪਹਿਲਾਂ ਬੰਦ ਕਰ ਦਿੱਤੇ ਜਾਣਗੇ, ਜਦਕਿ ਆਉਣ ਵਾਲੇ ਸੀਜ਼ਨ ਵਿਚ ਭੱਠੇ ਆਮ ਸਮੇਂ ਤੋਂ ਲਗਭਗ ਦੋ ਮਹੀਨੇ ਬਾਅਦ ਹੀ ਸ਼ੁਰੂ ਕੀਤੇ ਜਾਣਗੇ | ਇਸ ਦੇ ਨਾਲ ਹੀ ਮੀਟਿੰਗ ਵਿਚ ਇਹ ਵੀ ਘੋਸ਼ਣਾ ਕੀਤੀ ਗਈ ਕਿ ਕੋਲੇ ਅਤੇ ਹੋਰ ਖ਼ਰਚਿਆਂ ਵਿਚ ਹੋ ਰਹੇ ਬੇਤਹਾਸ਼ਾ ਵਾਧੇ ਕਾਰਨ ਇੱਟ ਦੀ ਉਤਪਾਦਨ ਲਾਗਤ ਕਾਫ਼ੀ ਵਧ ਗਈ ਹੈ, ਜਿਸ ਕਰਕੇ ਇੱਟ ਦੇ ਰੇਟਾਂ ਵਿਚ ਵਾਧਾ ਕਰਨਾ ਵੀ ਲਾਜ਼ਮੀ ਹੋ ਗਿਆ ਹੈ | ਮੀਟਿੰਗ ਵਿਚ ਮੌਜੂਦ ਸਾਰੇ ਮੈਂਬਰਾਂ ਨੇ ਇਸ ਫ਼ੈਸਲੇ ਦਾ ਸਮਰਥਨ ਕੀਤਾ ਅਤੇ ਜ਼ਿਲ੍ਹੇ ਦੀਆਂ ਸਾਰੀਆਂ ਤਹਿਸੀਲਾਂ ਦੇ ਪ੍ਰਧਾਨਾਂ ਵਲੋਂ ਵੀ ਇਸ ਫ਼ੈਸਲੇ ਨੂੰ ਪੁਰਜ਼ੋਰ ਹਮਾਇਤ ਦਿੱਤੀ ਗਈ | ਐਸੋਸੀਏਸ਼ਨ ਦੇ ਅਹੁਦੇਦਾਰਾਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਭੱਠਾ ਇੰਡਸਟਰੀ ਦੀਆਂ ਸਮੱਸਿਆਵਾਂ ਨੂੰ ਗੰਭੀਰਤਾ ਨਾਲ ਦੇਖਦੇ ਹੋਏ ਕੋਲੇ ਦੀ ਸਪਲਾਈ ਅਤੇ ਰੇਟਾਂ ਦੇ ਮਾਮਲੇ ਵਿਚ ਤੁਰੰਤ ਢੁਕਵੇਂ ਕਦਮ ਚੁੱਕੇ ਜਾਣ, ਤਾਂ ਜੋ ਇਸ ਮਹੱਤਵਪੂਰਨ ਉਦਯੋਗ ਨੂੰ ਬਚਾਇਆ ਜਾ ਸਕੇ |