ਬਨੂੜ, 10 ਮਾਰਚ (ਭੁਪਿੰਦਰ ਸਿੰਘ)-ਸਥਾਨਕ ਸ਼ਹਿਰ ਦੇ ਵਾਰਡ ਨੰ: 13 ਦੇ ਵਸਨੀਕਾਂ ਨੇ ਡਿਪਟੀ ਕਮਿਸ਼ਨਰ ਮੁਹਾਲੀ ਅਤੇ ਖ਼ੁਰਾਕ ਸਪਲਾਈ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਲਿਖਤੀ ਦਰਖਾਸਤਾਂ ਦੇ ਕੇ ਰਾਸ਼ਨ ਡੀਪੂ 'ਤੇ ਵੰਡੀ ਜਾ ਰਹੀ ਸੁੰਡੀ ਪਈ ਕਣਕ ਦੀ ਜਾਂਚ ਕਰਨ ਦੀ ਮੰਗ ਕੀਤੀ ਹੈ | ਖਪਤਕਾਰ ਜੋਰਾ ਸਿੰਘ, ਜਸਵੀਰ ਕੌਰ, ਗੁਰਵਿੰਦਰ ਸਿੰਘ, ਗੁਲਜ਼ਾਰ ਕੌਰ, ਕੁਲਵਿੰਦਰ ਕੌਰ, ਹਰਭਜਨ ਸਿੰਘ, ਜਗਤਾਰ ਸਿੰਘ, ਚਤੰਨ ਸਿੰਘ, ਕੁਲਵਿੰਦਰ ਕੌਰ, ਜਰਨੈਲ ਕੌਰ, ਅਜੈਬ ਕੌਰ, ਪਰਮਜੀਤ ਕੌਰ, ਜਸਵਿੰਦਰ ਕੌਰ ਆਦਿ ਦਰਜਨ ਦੇ ਕਰੀਬ ਖਪਤਕਾਰ ਨੇ ਦੱਸਿਆ ਕਿ ਡੀਪੂ ਹੋਲਡਰ ਵਲੋਂ ਸੁੰਡੀ ਪਈ ਕਣਕ ਵੰਡੀ ਗਈ ਹੈ | ਉਨ੍ਹਾਂ ਘਟੀਆ ਮਾਤਰਾ ਵਿਚ ਦਿੱਤੀ ਗਈ ਕਣਕ ਵਿਖਾਉਂਦੇ ਹੋਏ ਕਿਹਾ ਕਿ ਇਹ ਕਣਕ ਪਸ਼ੂਆਂ ਦੇ ਲਾਇਕ ਵੀ ਨਹੀਂ | ਉਨ੍ਹਾਂ ਕਿਹਾ ਕਿ ਪਹਿਲਾਂ ਵੀ ਘਟਿਆ ਤੇ ਘੱਟ ਮਾਤਰਾ ਵਿਚ ਮਿਲਦੀ ਕਣਕ ਦੀ ਸ਼ਿਕਾਇਤ ਕਈ ਵਾਰ ਬਨੂੜ ਸਥਿਤ ਖ਼ੁਰਾਕ ਸਪਲਾਈ ਵਿਭਾਗ ਦਫ਼ਤਰ ਨੂੰ ਕਰ ਚੁੱਕੇ ਹਾਂ, ਪਰ ਕੋਈ ਕਾਰਵਾਈ ਨਹੀਂ ਹੋਈ | ਉਨ੍ਹਾਂ ਡੀ.ਸੀ. ਮੁਹਾਲੀ ਤੇ ਡੀ.ਐਫ.ਐਸ.ਓ. ਮੁਹਾਲੀ ਨੂੰ ਲਿਖਤੀ ਸ਼ਿਕਾਇਤਾਂ ਭੇਜ ਕੇ ਜਾਂਚ ਕਰਕੇ ਕਾਰਵਾਈ ਕਰਨ ਦੀ ਮੰਗ ਕੀਤੀ ਹੈ | ਜਦੋਂ ਇਸ ਸੰਬੰਧੀ ਖ਼ੁਰਾਕ ਸਪਲਾਈ ਵਿਭਾਗ ਦੇ ਸੰਬੰਧਿਤ ਇੰਸਪੈਕਟਰ ਦੀਪਕ ਸਿਨਹਾ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਦੱਸਿਆ ਕਿ ਕਣਕ ਦੇ ਬਾਹਰ ਲੱਗੇ ਚੱਕੇ ਦੀ ਹੇਠਲੀ ਕਣਕ ਦੀ ਬੋਰੀਆਂ ਵਿਚ ਸ਼ਿਕਾਇਤ ਆਈ ਹੈ | ਉਨ੍ਹਾਂ ਡੀਪੂ ਹੋਲਡਰ ਨੂੰ ਅਜਿਹੇ ਖਪਤਕਾਰਾਂ ਦੀ ਕਣਕ ਬਦਲ ਕੇ ਸਾਫ਼ ਕਣਕ ਦੇਣ ਦੀ ਹਦਾਇਤ ਕੀਤੀ ਹੈ |