ਸਨੌਰ, 10 ਮਾਰਚ (ਮੋਹਣ ਸਿੰਘ ਭੱਟੀ)-ਸ਼੍ਰੋਮਣੀ ਅਕਾਲੀ ਦਲ ਨੇ ਅੱਜ ਪੰਜਾਬ ਵਿਧਾਨ ਸਭਾ 'ਚ ਪੇਸ਼ ਕੀਤੇ ਗਏ ਬਜਟ ਨੂੰ 'ਝੂਠ ਦਾ ਪੁਲੰਦਾ' ਅਤੇ 'ਆਰਥਿਕ ਖ਼ੁਦਕੁਸ਼ੀ' ਦੇ ਨਾਲ ਪੰਜਾਬ ਦੀਆਂ ਔਰਤਾਂ ਨਾਲ ਧੋਖਾ ਕਰਾਰ ਦਿੱਤਾ ਹੈ | ਪਾਰਟੀ ਦੇ ਕੌਮੀ ਬੁਲਾਰੇ ਕਿ੍ਸ਼ਨ ਸਿੰਘ ਸਨੌਰ ਨੇ 'ਮੁੱਖ ਮੰਤਰੀ ਮਾਵਾਂ-ਧੀਆਂ ਦਾ ਸਤਿਕਾਰ ਯੋਜਨਾ' ਤੇ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ ਕਿ ਔਰਤਾਂ ਨੂੰ 1000 ਅਤੇ 1500 ਰੁਪਏ ਦੇਣ ਦਾ ਵਾਅਦਾ ਅੱਜ ਚਾਰ ਸਾਲਾਂ ਬਾਅਦ ਯਾਦ ਆਇਆ ਹੈ | ਪਿਛਲੇ 48 ਮਹੀਨਿਆਂ ਦਾ ਬਕਾਇਆ ਕਿੱਥੇ ਹੈ? ਹਰ ਔਰਤ ਦੇ ਖਾਤੇ 'ਚ ਪਿਛਲੇ ਚਾਰ ਸਾਲਾਂ ਦੇ 48,000 ਰੁਪਏ ਬਣਦੇ ਹਨ, ਜਿਸ ਬਾਰੇ ਸਰਕਾਰ ਚੁੱਪ ਹੈ | ਇਹ ਸਤਿਕਾਰ ਨਹੀਂ, ਸਗੋਂ ਪੰਜਾਬ ਦੀਆਂ ਔਰਤਾਂ ਨਾਲ ਧੋਖਾ ਹੈ ਕਿਉਂਕਿ ਸਰਕਾਰ ਕੋਲ ਇਹ ਪੈਸਾ ਦੇਣ ਲਈ ਖ਼ਜ਼ਾਨਾ ਹੀ ਨਹੀਂ ਹੈ ਸਰਕਾਰ ਹੋਰ ਕਰਜ਼ਾ ਲੈਣ ਦੇ ਦਮ 'ਤੇ ਛਾਲਾਂ ਮਾਰ ਰਹੀ ਹੈ | ਅਖੀਰਲੇ ਸਾਲਾਂ 'ਚ ਅਜਿਹੇ ਐਲਾਨ ਸਿਰਫ਼ ਵੋਟਾਂ ਬਟੋਰਨ ਦੀ ਕੋਸ਼ਿਸ਼ ਹਨ | ਮੌਜੂਦਾ 'ਆਪ' ਸਰਕਾਰ ਦੁਆਰਾ ਭਾਰੀ ਕਰਜ਼ੇ ਕਾਰਨ ਕੰਗਾਲੀ ਦੇ ਕੰਡੇ 'ਤੇ ਲਿਆਂਦਾ ਪੰਜਾਬ, ਆਪਣਾ ਜ਼ਿਆਦਾਤਰ ਮਾਲੀਆ ਪਹਿਲਾਂ ਹੀ ਸਿਰਫ਼ ਵਿਆਜ ਭਰਨ 'ਤੇ ਖ਼ਰਚ ਕਰ ਰਿਹਾ ਹੈ ਅਤੇ ਨਵੀਆਂ ਯੋਜਨਾਵਾਂ ਤੇ ਵਿਕਾਸ ਕਾਰਜ ਠੱਪ ਹਨ |