ਪਟਿਆਲਾ, 11 ਮਾਰਚ (ਕੁਲਵੀਰ ਸਿੰਘ ਧਾਲੀਵਾਲ)-ਪੰਜਾਬੀ ਯੂਨੀਵਰਸਿਟੀ ਪਟਿਆਲਾ ਅਤੇ ਪੀ.ਆਈ.-ਰਾਹੀ (ਪੰਜਾਬ ਯੂਨੀਵਰਸਿਟੀ-ਆਈ.ਆਈ.ਟੀ. ਰੋਪੜ ਰੀਜਨਲ ਐਕਸਲਰੇਟਰ ਫ਼ਾਰ ਹੋਲਿਸਟਿਕ ਇਨੋਵੇਸਨਜ ਫਾਊਾਡੇਸ਼ਨ) ਦਰਮਿਆਨ ਇੱਕ ਅਹਿਮ ਇਕਰਾਰਨਾਮਾ ਹੋਇਆ ਹੈ | ਜਿਸ ਤਹਿਤ ਪੰਜਾਬੀ ਵਿਰਸੇ ਨਾਲ਼ ਸੰਬੰਧਿਤ ਦਸਤਕਾਰੀ ਕਲਾਵਾਂ, ਫ਼ਸਲ ਕਟਾਈ ਤੋਂ ਬਾਅਦ ਦੀ ਪ੍ਰਕਿਰਿਆ ਨਾਲ਼ ਜੁੜੀਆਂ ਵੱਖ-ਵੱਖ ਤਕਨੀਕਾਂ (ਪੋਸਟ-ਹਾਰਵੈਸਟ ਟੈਕਨਾਲੋਜੀ) ਅਤੇ ਫਾਰਮਾਸਿਊਟੀਕਲ ਵਿਗਿਆਨ ਦੇ ਖੇਤਰ ਵਿਚ ਸਾਂਝੇਦਾਰੀ ਕਾਇਮ ਕਰਨ ਲਈ ਯਤਨ ਕੀਤੇ ਜਾਣਗੇ | ਜ਼ਿਕਰਯੋਗ ਹੈ ਕਿ ਇਹ ਸਾਂਝੇਦਾਰੀ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਦੇ ਉਸ ਵਿਜ਼ਨ ਦੇ ਅਨੁਸਾਰ ਉਠਾਇਆ ਗਿਆ ਕਦਮ ਹੈ, ਜਿਸ 'ਚ ਉਨ੍ਹਾਂ ਨੇ ਸੂਬੇ ਦੀਆਂ ਅਕਾਦਮਿਕ ਸੰਸਥਾਵਾਂ ਦਰਮਿਆਨ ਆਪਸੀ ਸਹਿਯੋਗ ਅਤੇ ਗਿਆਨ ਸਾਂਝਾ ਕਰਨ 'ਤੇ ਜੋਰ ਦਿੱਤਾ ਹੈ | ਪੰਜਾਬੀ ਯੂਨੀਵਰਸਿਟੀ ਦੇ ਉਪ-ਕੁਲਪਤੀ ਡਾ. ਜਗਦੀਪ ਸਿੰਘ ਅਤੇ ਪੰਜਾਬ ਯੂਨੀਵਰਸਿਟੀ ਦੀ ਉਪ-ਕੁਲਪਤੀ ਤੇ ਪੀ.ਆਈ.-ਰਾਹੀ ਦੀ ਚੇਅਰਪਰਸਨ ਪ੍ਰੋ. ਰੇਣੂ ਵਿੱਗ ਦੀ ਮੌਜੂਦਗੀ 'ਚ ਇਸ ਇਕਰਾਰਨਾਮੇ 'ਤੇ ਹਸਤਾਖ਼ਰ ਕੀਤੇ ਗਏ | ਇਸ ਸਬੰਧੀ ਦਸਤਾਵੇਜ਼ 'ਤੇ ਪੰਜਾਬੀ ਯੂਨੀਵਰਸਿਟੀ ਦੇ ਰਜਿਸਟਰਾਰ ਪ੍ਰੋ. ਦਵਿੰਦਰ ਪਾਲ ਸਿੰਘ ਸਿੱਧੂ ਅਤੇ ਪੀ.ਆਈ.-ਰਾਹੀ ਦੇ ਡਾਇਰੈਕਟਰ ਪ੍ਰੋ. ਰਜਤ ਸਾਂਧੀਰ ਨੇ ਅਧਿਕਾਰਤ ਤੌਰ 'ਤੇ ਸਹੀ ਪਾਈ | ਡਾ. ਜਗਦੀਪ ਸਿੰਘ ਨੇ ਇਸ ਮੌਕੇ ਕਿਹਾ ਕਿ ਇਹ ਸਾਂਝੇਦਾਰੀ ਰਵਾਇਤੀ ਗਿਆਨ ਨੂੰ ਆਧੁਨਿਕ ਤਕਨਾਲੋਜੀ, ਖੋਜ ਅਤੇ ਉਦਮਤਾ ਦੇ ਮੌਕਿਆਂ ਨਾਲ਼ ਜੋੜ ਕੇ ਪੰਜਾਬ ਦੇ ਕਾਰੀਗਰਾਂ ਅਤੇ ਪੇਂਡੂ ਭਾਈਚਾਰਿਆਂ ਨੂੰ ਸਮਰੱਥ ਬਣਾਉਣ 'ਚ ਮਦਦਗਾਰ ਸਾਬਤ ਹੋਵੇਗੀ | ਪ੍ਰੋ. ਰੇਣੂ ਵਿੱਗ ਨੇ ਦੱਸਿਆ ਕਿ ਪੰਜਾਬ ਦੀ ਅਮੀਰ ਸਭਿਆਚਾਰਕ ਵਿਰਾਸਤ, ਜਿਵੇਂ ਕਿ ਫੁਲਕਾਰੀ ਅਤੇ ਹੋਰ ਦੇਸੀ ਕਲਾਵਾਂ ਨੂੰ ਸੰਭਾਲਣ ਲਈ ਇਹ ਸਾਂਝਾ ਮੰਚ ਬਹੁਤ ਅਹਿਮ ਭੂਮਿਕਾ ਨਿਭਾਵੇਗਾ ਅਤੇ ਇਸ ਸਾਂਝੇਦਾਰੀ ਤਹਿਤ ਇਕ ਆਨਲਾਈਨ ਮਾਰਕੀਟਪਲੇਸ ਦੀ ਸੁਵਰਤੋਂ ਰਾਹੀਂ ਪੰਜਾਬ ਦੇ ਕਾਰੀਗਰਾਂ ਨੂੰ ਸਿੱਧਾ ਬਾਜ਼ਾਰ ਮੁਹੱਈਆ ਕਰਵਾਇਆ ਜਾਵੇਗਾ | ਫਾਰਮਾਸਿਊਟੀਕਲ ਵਿਗਿਆਨ, ਖੇਤੀਬਾੜੀ ਤਕਨਾਲੋਜੀ, ਟਿਕਾਊ ਖੇਤੀ, ਫੂਡ ਪ੍ਰੋਸੈਸਿੰਗ ਅਤੇ ਪੈਕੇਜਿੰਗ ਤਕਨੀਕਾਂ ਵਿਚ ਨਵੇਂ ਪ੍ਰੋਜੈਕਟ ਸ਼ੁਰੂ ਕੀਤੇ ਜਾਣਗੇ | ਇਸ ਮੌਕੇ ਮੌਕੇ ਪੰਜਾਬੀ ਯੂਨੀਵਰਸਿਟੀ ਤੋਂ ਡਾਇਰੈਕਟਰ (ਈ.ਆਈ.ਸੀ.ਐੱਚ) ਪ੍ਰੋ. ਹਿਮੇਂਦਰ ਭਾਰਤੀ, ਪੀ.ਆਈ.-ਰਾਹੀ ਦੇ ਸਲਾਹਕਾਰ ਡਾ. ਜਤਿੰਦਰ ਕੌਰ ਅਰੋੜਾ ਅਤੇ ਚੀਫ਼ ਆਪਰੇਟਿੰਗ ਅਫ਼ਸਰ ਨੇਹਾ ਅਰੋੜਾ ਸਮੇਤ ਦੋਵਾਂ ਸੰਸਥਾਵਾਂ ਦੇ ਸੀਨੀਅਰ ਅਧਿਕਾਰੀ ਮੌਜੂਦ ਸਨ |