ਨਾਭਾ, 11 ਮਾਰਚ (ਜਗਨਾਰ ਸਿੰਘ ਦੁਲੱਦੀ)-ਅਕਾਲੀ ਦਲ ਸੁਤੰਤਰ ਦੇ ਕੌਮੀ ਪ੍ਰਧਾਨ ਜਥੇਦਾਰ ਪਰਮਜੀਤ ਸਿੰਘ ਸਹੌਲੀ ਦੀ ਅਗਵਾਈ ਹੇਠ ਸ਼ਹਿਰ ਵਾਸੀਆਂ ਨੂੰ ਆ ਰਹੀਆਂ ਮੁਸ਼ਕਲਾਂ ਨੂੰ ਲੈ ਕੇ ਉਪ ਮੰਡਲ ਮੈਜਿਸਟ੍ਰੇਟ ਨਾਭਾ ਦੇ ਨਾਮ ਤਹਿਸੀਲਦਾਰ ਸੁਖਜਿੰਦਰ ਸਿੰਘ ਟਿਵਾਣਾ ਨੂੰ ਮੰਗ ਪੱਤਰ ਦਿੱਤਾ ਗਿਆ | ਮੰਗ ਪੱਤਰ ਦੇਣ ਉਪਰੰਤ ਜਥੇਦਾਰ ਪਰਮਜੀਤ ਸਿੰਘ ਸਹੌਲੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਨਾਭਾ ਪ੍ਰਸ਼ਾਸਨ ਦੇ ਧਿਆਨ ਵਿਚ ਲਿਆਂਦਾ ਜਾ ਰਿਹਾ ਹੈ ਪਿਛਲੇ ਕਈ ਮਹੀਨੇ ਪਹਿਲਾਂ ਪ੍ਰਸ਼ਾਸਨ ਨੂੰ ਮੰਗ ਪੱਤਰ ਦਿੱਤਾ ਸੀ ਕਿ ਪ੍ਰਾਈਵੇਟ ਸਕੂਲ ਦੀਆਂ ਬੱਸਾਂ ਅਤੇ ਉਨ੍ਹਾਂ ਦੇ ਡਰਾਈਵਰਾਂ ਦੇ ਲਾਇਸੈਸਾਂ ਦੀ ਚੈਕਿੰਗ ਕੀਤੀ ਜਾਵੇ ਅਤੇ ਇਨ੍ਹਾਂ ਦੇ ਕਾਗ਼ਜ਼ ਪੱਤਰ ਵੀ ਚੈੱਕ ਕੀਤੇ ਜਾਣ, ਦੇ ਬਾਵਜੂਦ ਪ੍ਰਸ਼ਾਸਨ ਵਲੋਂ ਇਸ ਪਾਸੇ ਵੱਲ ਕੋਈ ਧਿਆਨ ਨਹੀਂ ਦਿੱਤਾ ਗਿਆ | ਦੂਸਰੀ ਮੰਗ ਸੰਬੰਧੀ ਬੋਲਦੇ ਹੋਏ ਉਨ੍ਹਾਂ ਕਿਹਾ ਕਿ ਨਗਰ ਕੌਂਸਲ ਨਾਭਾ ਵਲੋਂ ਲੰਮੇ ਅਰਸੇ ਤੋਂ ਪੁਰਾਣੇ ਹਾਥੀਖਾਨੇ ਦਾ ਗੰਦਾ ਨਾਲਾ ਖੁੱਲ੍ਹਾ ਹੋਣ ਕਰਕੇ ਪਿਛਲੇ ਦਿਨਾਂ 'ਚ ਇਕ ਰਾਹਗੀਰ ਦਾ ਸਾਈਕਲ 'ਤੇ ਜਾਂਦੇ ਹੋਏ ਵਿਚ ਡਿਗ ਕੇ ਮੌਤ ਹੋਈ ਸੀ, ਪਿਛਲੇ ਸਾਲ ਵੀ ਹੋਈ ਤੇ ਅਨੇਕਾਂ ਜਾਨਵਰਾਂ ਦੀਆਂ ਮੌਤਾਂ ਹੋਈਆਂ ਹਨ | ਪ੍ਰੰਤੂ ਨਗਰ ਕੌਂਸਲ ਕਮੇਟੀ ਨੇ ਲੱਗ ਰਹੀਆਂ ਖ਼ਬਰਾਂ ਨੂੰ ਵੀ ਪੜ੍ਹ ਕੇ ਅਣਗੌਲਿਆ ਕੀਤਾ ਗਿਆ ਹੈ | ਉਨ੍ਹਾਂ ਸੜਕ ਦੁਆਲੇ ਹੋ ਚੁੱਕੇ ਨਜਾਇਜ਼ ਕਬਜ਼ਿਆਂ ਸੰਬੰਧੀ ਬੋਲਦਿਆਂ ਕਿਹਾ ਕਿ ਰੋਹਟੀ ਦੇ ਪੁਲ ਤੋਂ ਲੈ ਕੇ ਬੌੜਾਂ ਗੇਟ, ਪਿੰਡ ਦੁਲੱਦੀ ਤੱਕ ਸੜਕ ਦੇ ਆਲੇ-ਦੁਆਲੇ ਨਾਜਾਇਜ਼ ਕਬਜ਼ੇ ਅਤੇ ਦਰਖ਼ਤ ਦੀ ਕਟਾਈ ਕਰਕੇ ਕੇ ਆਪਮੁਹਾਰੇ ਪਾਰਕਿੰਗ ਬਣਾਉਣ ਸੰਬੰਧੀ ਪ੍ਰਸ਼ਾਸਨ ਵਲੋਂ ਅੱਖਾਂ ਮੀਟਣੀਆਂ ਇਹ ਦਰਸਾਉਂਦਾ ਹੈ ਕਿ ਇਹ ਪ੍ਰਸ਼ਾਸਨ ਦੀ ਮਿਲੀਭੁਗਤ ਨਾਲ ਹੋ ਰਿਹਾ ਹੈ | ਉਪ ਮੰਡਲ ਮੈਜਿਸਟ੍ਰੇਟ ਤੋਂ ਅਕਾਲੀ ਦਲ ਸੁਤੰਤਰ ਆਸ ਰੱਖਦਾ ਹੈ ਕਿ ਉਕਤ ਮੰਗਾਂ ਨੂੰ ਧਿਆਨ ਨਾਲ ਪੜ੍ਹ ਕੇ ਹੱਲ ਕਰਾਵੇਗਾ ਜੇਕਰ ਹੁਣ ਵੀ ਇਨ੍ਹਾਂ ਮੰਗਾਂ ਵੱਲ ਧਿਆਨ ਨਾ ਦਿੱਤਾ ਗਿਆ ਤਾਂ ਅਕਾਲੀ ਦਲ ਸੁਤੰਤਰ ਵਲੋਂ 16 ਮਾਰਚ ਨੂੰ ਨਗਰ ਕੌਂਸਲ ਨਾਭਾ ਦੇ ਦਫ਼ਤਰ ਅੱਗੇ ਧਰਨਾ ਦਿੱਤਾ ਜਾਵੇਗਾ ਜਿਸ ਦੀ ਜ਼ਿੰਮੇਵਾਰੀ ਪ੍ਰਸ਼ਾਸਨ ਅਤੇ ਸਰਕਾਰ ਦੀ ਹੋਵੇਗੀ |