ਨਾਭਾ, 11 ਮਾਰਚ (ਕਰਮਜੀਤ ਸਿੰਘ)-ਨਾਭਾ ਦੇ ਪ੍ਰਸਿੱਧ ਐਡੂਮੌਂਟ ਵਰਲਡ ਸਕੂਲ ਵਲੋਂ ਰਾਸ਼ਟਰੀ ਸਿੱਖਿਆ ਨੀਤੀ 2020 ਦੇ ਦਿ੍ਸ਼ਟੀਕੋਣ ਨੂੰ ਅਮਲ 'ਚ ਲਿਆਉਂਦਿਆਂ ਪ੍ਰੋਜੈਕਟ ਆਧਾਰਿਤ ਸਿੱਖਿਆ ਪ੍ਰਣਾਲੀ ਬਾਰੇ ਦੋ ਦਿਨਾਂ ਦੀ ਵਿਸ਼ੇਸ਼ ਵਰਕਸ਼ਾਪ ਸਫਲਤਾਪੂਰਵਕ ਕਰਵਾਈ ਗਈ | ਇਸ ਵਰਕਸ਼ਾਪ ਦਾ ਉਦੇਸ਼ ਅਧਿਆਪਕਾਂ ਨੂੰ ਨਵੇਂ ਸਿੱਖਣ-ਸਿਖਾਉਣ ਦੇ ਤਰੀਕਿਆਂ ਨਾਲ ਜਾਣੂ ਕਰਵਾਉਣਾ ਅਤੇ ਵਿਦਿਆਰਥੀਆਂ ਦੀ ਸਿੱਖਿਆ ਨੂੰ ਹੋਰ ਰਚਨਾਤਮਿਕ ਅਤੇ ਪ੍ਰਯੋਗਾਤਮਿਕ ਬਣਾਉਣਾ ਸੀ | ਇਸ ਵਰਕਸ਼ਾਪ ਦੀ ਅਗਵਾਈ ਐਗਨਸ ਜੋਸਫ ਨੇ ਕੀਤੀ, ਜੋ ਪ੍ਰੋਪੇਲ ਥਾਇ ਲਰਨਿੰਗ ਨਾਲ ਸੰਬੰਧਿਤ ਹਨ | ਵਰਕਸ਼ਾਪ ਦੌਰਾਨ ਅਧਿਆਪਕਾਂ ਨੇ ਹੱਥੋਂ-ਹੱਥ ਗਤੀਵਿਧੀਆਂ, ਸਮੂਹ ਚਰਚਾਵਾਂ ਅਤੇ ਸਾਂਝੀ ਯੋਜਨਾ ਬਣਾਉਣ ਰਾਹੀਂ ਪ੍ਰੋਜੈਕਟ ਆਧਾਰਿਤ ਸਿੱਖਿਆ ਦੇ ਵੱਖ-ਵੱਖ ਪੱਖਾਂ ਬਾਰੇ ਜਾਣਕਾਰੀ ਹਾਸਲ ਕੀਤੀ | ਇਸ ਦੌਰਾਨ ਅਧਿਆਪਕਾਂ ਨੇ ਵਿਦਿਆਰਥੀਆਂ 'ਚ ਖੋਜਾਤਮਕ ਸੋਚ, ਰਚਨਾਤਮਿਕਤਾ ਅਤੇ ਸਮੱਸਿਆ ਹੱਲ ਕਰਨ ਦੀ ਯੋਗਤਾ ਨੂੰ ਵਿਕਸਿਤ ਕਰਨ ਵਾਲੀਆਂ ਪਾਠ ਪ੍ਰਣਾਲੀਆਂ ਬਾਰੇ ਵੀ ਵਿਚਾਰ ਸਾਂਝੇ ਕੀਤੇ | ਇਸ ਪੂਰੇ ਪ੍ਰੋਗਰਾਮ ਦੀ ਦੇਖ-ਰੇਖ ਅਤੇ ਮੈਡਮ ਪ੍ਰਭਜੋਤ ਕੌਰ ਵਲੋਂ ਕੀਤਾ ਗਿਆ | ਸਕੂਲ ਪ੍ਰਬੰਧਨ ਵੱਲੋਂ ਇਹ ਵੀ ਐਲਾਨ ਕੀਤਾ ਗਿਆ ਕਿ 2026-27 ਦੇ ਅਕਾਦਮਿਕ ਸ਼ੈਸਨ ਤੋਂ ਜਮਾਤ 1 ਤੋਂ 8 ਤੱਕ ਪ੍ਰੋਜੈਕਟ ਆਧਾਰਿਤ ਸਿੱਖਿਆ ਪ੍ਰਣਾਲੀ ਨੂੰ ਲਾਗੂ ਕੀਤਾ ਜਾਵੇਗਾ | ਇਸ ਲਈ ਸਕੂਲ ਨੇ ਪ੍ਰੋਪੇਲ ਥਾਇ ਲਰਨਿੰਗ ਨਾਲ ਅਕਾਦਮਿਕ ਸਹਿਯੋਗ ਸਥਾਪਿਤ ਕੀਤਾ ਹੈ, ਜਿਸ ਨਾਲ ਵਿਦਿਆਰਥੀਆਂ ਨੂੰ ਹੁਨਰ ਆਧਾਰਿਤ ਅਤੇ ਨਵੀਂ ਸੋਚ ਵਾਲੀ ਸਿੱਖਿਆ ਪ੍ਰਦਾਨ ਕੀਤੀ ਜਾ ਸਕੇਗੀ | ਇਸ ਮੌਕੇ ਸਕੂਲ ਦੀ ਪਿ੍ੰਸੀਪਲ ਚੰਦਰਾ ਦਾਸ ਨੇ ਕਿਹਾ ਕਿ ਇਸ ਤਰ੍ਹਾਂ ਦੀਆਂ ਪਹਿਲਕਦਮੀਆਂ ਨਾਲ ਵਿਦਿਆਰਥੀਆਂ 'ਚ ਆਲੋਚਨਾਤਮਿਕ ਸੋਚ, ਸਹਿਯੋਗੀ ਭਾਵਨਾ ਅਤੇ ਅਸਲੀ ਜ਼ਿੰਦਗੀ ਦੀਆਂ ਸਮੱਸਿਆਵਾਂ ਦੇ ਹੱਲ ਲੱਭਣ ਦੀ ਸਮਰੱਥਾ ਵਿਕਸਿਤ ਹੁੰਦੀ ਹੈ | ਉਨ੍ਹਾਂ ਕਿਹਾ ਕਿ ਐਡੂਮੌਂਟ ਵਰਲਡ ਸਕੂਲ ਸਿੱਖਿਆ ਦੇ ਖੇਤਰ 'ਚ ਨਵੀਨਤਾ ਨੂੰ ਅਪਣਾਉਂਦਿਆਂ ਖੇਤਰ ਦੇ ਅਗਾਂਹਵਧੂ ਸਿੱਖਿਆ ਸੰਸਥਾਨਾਂ 'ਚ ਆਪਣੀ ਵਿਲੱਖਣ ਪਛਾਣ ਬਣਾਉਣ ਵੱਲ ਅੱਗੇ ਵੱਧ ਰਿਹਾ ਹੈ |