ਸਮਾਣਾ, 11 ਮਾਰਚ (ਸਾਹਿਬ ਸਿੰਘ)-ਹਲਕਾ ਸਮਾਣਾ ਦੇ ਵਿਧਾਇਕ ਤੇ ਸਾਬਕਾ ਕੈਬਨਿਟ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨੇ ਪੰਜਾਬ ਵਿਧਾਨ ਸਭਾ ਦੇ ਇਜਲਾਸ ਵਿਚ ਬਜਟ ਦੀ ਬਹਿਸ ਵਿਚ ਹਿੱਸਾ ਲੈਂਦਿਆਂ ਬਜਟ ਦੀ ਭਰਵੀਂ ਸ਼ਲਾਘਾ ਕੀਤੀ ਅਤੇ 'ਮੁੱਖ ਮੰਤਰੀ ਮਾਵਾਂ-ਧੀਆਂ ਸਤਿਕਾਰ ਯੋਜਨਾ' ਦੀ ਆਲੋਚਨਾ ਕਰਨ ਵਾਲੀ ਵਿਰੋਧੀ ਧਿਰ ਨੂੰ ਲੰਮੇ ਹੱਥੀਂ ਲਿਆ | ਉਨ੍ਹਾਂ ਆਖਿਆ ਕਿ ਸੂਬੇ ਵਿਚ ਰਹਿੰਦੀਆਂ ਮਾਵਾਂ-ਧੀਆਂ ਨੂੰ ਇਸ ਰਾਸ਼ੀ ਦੇ ਮਹੱਤਵ ਦੀ ਜਾਣਕਾਰੀ ਹੈ ਪਰ ਮੂੰਹ ਵਿਚ ਚਾਂਦੀ ਦਾ ਚਮਚਾ ਲੈ ਕੇ ਜੰਮਣ ਵਾਲੇ ਲੋਕਾਂ ਨੂੰ ਪੰਜਾਬ ਸਰਕਾਰ ਦੇ ਇਸ ਇਤਿਹਾਸਕ ਕਦਮ ਦੇ ਮਹੱਤਵ ਦਾ ਕੀ ਪਤਾ ਹੈ | ਸ. ਜੌੜਾਮਾਜਰਾ ਨੇ ਆਪਣੇ 8 ਮਿੰਟ ਦੇ ਭਾਸ਼ਣ ਵਿਚ ਚਾਲੂ ਵਰ੍ਹੇ ਦੇ ਪੰਜਾਬ ਬਜਟ ਵਿਚ ਸਿਹਤ, ਸਿੱਖਿਆ, ਖੇਤੀਬਾੜੀ ਅਤੇ ਸੂਬੇ ਦੇ ਵਿਕਾਸ ਲਈ ਰੱਖੇ ਕਰੋੜਾਂ ਰੁਪਏ ਦੇ ਫ਼ੰਡਾਂ ਨੂੰ ਇਤਿਹਾਸਕ ਕਦਮ ਦੱਸਦਿਆਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਸੂਬੇ ਦੇ ਚਹੁੰਤਰਫ਼ਾ ਵਿਕਾਸ ਦੀ ਨੀਂਹ ਰੱਖ ਦਿੱਤੀ ਹੈ | ਉਨ੍ਹਾਂ ਖ਼ਾਸ ਤੌਰ 'ਤੇ 'ਮੁੱਖ ਮੰਤਰੀ ਮਾਵਾਂ-ਧੀਆਂ ਸਤਿਕਾਰ ਯੋਜਨਾ' ਦੀ ਸ਼ਲਾਘਾ ਕੀਤੀ | ਉਨ੍ਹਾਂ ਆਖਿਆ ਕਿ ਜਨਰਲ ਸ਼੍ਰੇਣੀ ਦੀਆਂ ਔਰਤਾਂ ਨੂੰ 1,000 ਰੁਪਏ ਤੇ ਅਨੁਸੂਚਿਤ ਜਾਤੀ ਦੀਆਂ ਔਰਤਾਂ ਨੂੰ 1,500 ਰੁਪਏ ਮਹੀਨਾ ਮਿਲਣ ਨਾਲ ਉਨ੍ਹਾਂ ਦੀ ਆਰਥਿਕ ਹਾਲਤ ਮਜ਼ਬੂਤ ਹੋਵੇਗੀ | ਉਨ੍ਹਾਂ ਆਖਿਆ ਕਿ ਸੂਬੇ ਵਿਚ ਥਾਂ-ਥਾਂ 'ਤੇ ਖੁੱਲ੍ਹੇ ਗਏ ਕਲੀਨਿਕਾਂ ਦਾ ਲੱਖਾਂ ਲੋਕ ਲਾਭ ਲੈ ਰਹੇ ਹਨ | ਵਿਧਾਇਕ ਜੌੜਾਮਾਜਰਾ ਨੇ ਪਿੰਡ ਮਵੀ ਸੱਪਾਂ ਅਤੇ ਖੇੜੀ ਬਰਨਾਂ ਦੇ ਸਕੂਲਾਂ ਦਾ ਦਰਜਾ ਵਧਾਉਣ ਦੀ ਵੀ ਮੰਗ ਰੱਖੀ | ਸ. ਜੌੜਾਮਾਜਰਾ ਨੇ ਸਪੀਕਰ ਨੂੰ ਆਖਿਆ ਕਿ ਇਸ ਵਾਰ ਸਮਾਂ ਘੱਟ ਮਿਲਿਆ ਹੈ ਪਰ 2027 'ਚ ਸਮਾਂ ਵੱਧ ਦੇਣ ਦੀ ਖੇਚਲ ਕਰਨਾ |