ਰਾਜਪੁਰਾ, 12 ਮਾਰਚ (ਜੀ.ਪੀ. ਸਿੰਘ)-ਨੇੜਲੇ ਪਿੰਡ ਮਦਨਪੁਰ ਦੀ ਧੀ ਰਸਨੀਤ ਕੌਰ ਵਲੋਂ ਯੂ.ਪੀ.ਐੱਸ.ਸੀ. ਪ੍ਰੀਖਿਆ 'ਚੋਂ 51ਵਾਂ ਰੈਂਕ ਹਾਸਲ ਕਰਕੇ ਆਪਣੇ ਪਰਿਵਾਰ ਅਤੇ ਪੂਰੇ ਜ਼ਿਲ੍ਹੇ ਦਾ ਨਾਮ ਰੌਸ਼ਨ ਕੀਤਾ ਗਿਆ ਹੈ | ਰਸਨੀਤ ਕੌਰ ਦੀ ਇਸ ਵੱਡੀ ਉਪਲਬਧੀ ਨਾਲ ਇਲਾਕੇ ਵਿਚ ਖ਼ੁਸ਼ੀ ਦੀ ਲਹਿਰ ਦੌੜ ਗਈ ਹੈ ਅਤੇ ਲੋਕਾਂ ਵਲੋਂ ਪਰਿਵਾਰ ਨੂੰ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ | ਇਸ ਮੌਕੇ ਕੋਨਵੇਅਰ ਦੇ ਵਾਈਸ ਚੇਅਰਮੈਨ ਇੰਦਰਜੀਤ ਸਿੰਘ ਸੰਧੂ ਅਤੇ ਰਘਬੀਰ ਸਿੰਘ ਗੋਪਾਲਪੁਰ ਰਸਨੀਤ ਕੌਰ ਦੇ ਪਿੰਡ ਪੁੱਜ ਕੇ ਉਸ ਨੂੰ ਅਤੇ ਉਸ ਦੇ ਮਾਤਾ-ਪਿਤਾ ਅਤੇ ਪਰਿਵਾਰਕ ਮੈਂਬਰਾਂ ਨੂੰ ਮੁਬਾਰਕਬਾਦ ਦਿੱਤੀ | ਉਨ੍ਹਾਂ ਕਿਹਾ ਕਿ ਰਸਨੀਤ ਕੌਰ ਦੀ ਇਹ ਕਾਮਯਾਬੀ ਸਿਰਫ਼ ਉਸ ਦੇ ਪਰਿਵਾਰ ਲਈ ਹੀ ਨਹੀਂ, ਸਗੋਂ ਪੂਰੇ ਇਲਾਕੇ ਲਈ ਮਾਣ ਦੀ ਗੱਲ ਹੈ | ਇੰਦਰਜੀਤ ਸਿੰਘ ਸੰਧੂ ਨੇ ਕਿਹਾ ਕਿ ਰਸਨੀਤ ਕੌਰ ਨੇ ਸਖ਼ਤ ਮਿਹਨਤ, ਲਗਨ ਅਤੇ ਹੌਸਲੇ ਨਾਲ ਇਹ ਉਪਲਬਧੀ ਹਾਸਲ ਕੀਤੀ ਹੈ | ਇਸ ਮੌਕੇ ਇੰਦਰਜੀਤ ਢਿੱਲੋਂ ਥੂਹਾ, ਬਲਜਿੰਦਰ ਥੂਹਾ, ਅਮਰ ਅਲੀ ਅਤੇ ਮਨਪ੍ਰੀਤ ਸਿੰਘ ਮਹਿਮਦਪੁਰ ਸਮੇਤ ਵੱਡੀ ਗਿਣਤੀ ਵਿਚ ਟੀਮ ਮੈਂਬਰ ਵੀ ਮੌਜੂਦ ਸਨ | ਉਨ੍ਹਾਂ ਸਾਰਿਆਂ ਨੇ ਪਰਿਵਾਰ ਨੂੰ ਵਧਾਈ ਦਿੱਤੀ ਅਤੇ ਰਸਨੀਤ ਕੌਰ ਦੇ ਚੰਗੇ ਭਵਿੱਖ ਦੀ ਕਾਮਨਾ ਕੀਤੀ |