ਪਟਿਆਲਾ, 12 ਮਾਰਚ (ਮਨਦੀਪ ਸਿੰਘ ਖਰੌੜ)-ਸ਼ਰਾਬ ਦੀ ਪੇਟੀ ਲੈ ਕੇ ਪਟਿਆਲਾ ਜ਼ਿਲੇ੍ਹ ਦਾਖਲ ਹੋਏ ਵਿਅਕਤੀ 'ਤੇ ਐਕਸਾਈਜ਼ ਵਿਭਾਗ ਦੀ ਟੀਮ ਵਲੋਂ ਲੱਖ ਰੁਪਏ ਜੁਰਮਾਨਾ ਲਗਾਉਣ ਦਾ ਮਾਮਲਾ ਸਾਹਮਣੇ ਆਇਆ ਹੈ | ਜਾਣਕਾਰੀ ਅਨੁਸਾਰ ਗੁਪਤ ਸੂਚਨਾ ਦੇ ਆਧਾਰ 'ਤੇ ਐਕਸਾਈਜ਼ ਵਿਭਾਗ ਦੇ ਇੰਸਪੈਕਟਰ ਗੋਪਾਲ ਸ਼ਰਮਾ ਅਤੇ ਮਨਪ੍ਰੀਤ ਮਾਨ ਨੇ ਪੁਲਿਸ ਪਾਰਟੀ ਸਮੇਤ ਸਰਹਿੰਦ ਰੋਡ 'ਤੇ ਜ਼ਿਲੇ੍ਹ ਦੀ ਹੱਦਬੰਦੀ 'ਤੇ ਨਾਕਾ ਲਗਾਇਆ ਹੋਇਆ ਸੀ | ਇਸ ਦੌਰਾਨ ਮੁਲਜ਼ਮ ਨੂੰ ਸ਼ੱਕ ਆਧਾਰ 'ਤੇ ਰੋਕਿਆ ਤਾਂ ਉਸ ਤੋਂ ਇਕ ਪੇਟੀ ਅੰਗਰੇਜ਼ੀ ਸ਼ਰਾਬ ਦੀ ਬਰਾਮਦ ਹੋਈ | ਮੁਲਜ਼ਮ ਨੇ ਮੁੱਢਲੀ ਪੁੱਛ-ਪੜਤਾਲ ਦੌਰਾਨ ਪੁਲਿਸ ਨੂੰ ਦੱਸਿਆ ਕਿ ਇਹ ਸ਼ਰਾਬ ਉਹ ਫ਼ਤਹਿਗੜ੍ਹ ਸਾਹਿਬ ਜ਼ਿਲੇ੍ਹ ਤੋਂ ਲੈ ਕੇ ਆਇਆ ਹੈ | ਇਸ ਮਾਮਲੇ 'ਚ ਐਕਸਾਈਜ਼ ਵਿਭਾਗ ਦੀ ਟੀਮ ਨੇ ਫ਼ੌਰੀ ਕਾਰਵਾਈ ਕਰਦਿਆਂ 2 ਬੋਤਲਾਂ ਤੋਂ ਜ਼ਿਆਦਾ ਸ਼ਰਾਬ ਕਾਰ 'ਚ ਰੱਖਣ ਅਤੇ ਦੂਸਰੇ ਜ਼ਿਲੇ੍ਹ ਦੀ ਸ਼ਰਾਬ ਪਟਿਆਲਾ ਲਿਆਉਣ ਦੇ ਦੋਸ਼ਾਂ ਤਹਿਤ ਮੁਲਜ਼ਮ ਨੂੰ ਲੱਖ ਰੁਪਏ ਦਾ ਜੁਰਮਾਨਾ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ | ਫ਼ਿਲਹਾਲ ਇਸ ਬਾਰੇ ਹਾਲੇ ਤੱਕ ਇਹ ਸਪਸ਼ਟ ਨਹੀਂ ਹੋ ਸਕਿਆ ਕਿ ਇਹ ਸ਼ਰਾਬ ਕਿਹੜੇ ਠੇਕੇਦਾਰ ਦੀ ਸੀ, ਉਸ ਠੇਕੇਦਾਰ ਖ਼ਿਲਾਫ਼ ਵਿਭਾਗ ਨੇ ਕਾਰਵਾਈ ਕੀਤਾ ਹੈ ਜਾਂ ਨਹੀਂ?