ਭੁੱਨਰਹੇੜੀ, 12 ਮਾਰਚ (ਧਨਵੰਤ ਸਿੰਘ)-ਪੰਜਾਬ ਦੇ ਗੁਆਂਢੀ ਰਾਜ ਹਰਿਆਣਾ ਦੇ ਇਤਿਹਾਸਿਕ ਅਸਥਾਨਾਂ ਨੂੰ ਜੋੜਨ ਵਾਲੇ ਪਟਿਆਲਾ, ਪਿਹੋਵਾ ਮੁੱਖ ਮਾਰਗ ਦੇ ਨਵੀਨੀਕਰਨ ਦੌਰਾਨ ਲੋਕ ਨਿਰਮਾਣ ਵਿਭਾਗ ਵਲੋਂ ਮਿੱਟੀ ਵਿਚ ਕੀਤਾ ਜਾ ਰਿਹਾ ਵੱਡਾ ਘੋਟਾਲਾ ਉਜਾਗਰ ਹੋਇਆ ਹੈ | ਇਸ ਮੁੱਖ ਸੜਕ ਨੂੰ ਵੀ.ਸੀ. ਪਾ ਕੇ ਤਿਆਰ ਕੀਤਾ ਜਾ ਰਿਹਾ ਹੈ | ਪਰ ਸੜਕ ਦੀਆਂ ਬਰਮਾਂ ਬਣਾਉਣ ਲਈ ਮਿੱਟੀ ਜੰਗਲਾਤ ਦੇ ਦਰਖਤਾਂ ਦੀ ਰਾਖਵੀਂ ਜਗ੍ਹਾ ਵਿਚੋਂ ਪੁੱਟ ਕੇ ਪਾਈ ਜਾ ਰਹੀ ਹੈ | ਜਦੋਂ ਕਿ ਲੋਕ ਨਿਰਮਾਣ ਵਿਭਾਗ ਨੇ ਸੜਕ ਉੱਤੇ ਪ੍ਰੀਮਿਕਸ ਸਮੇਤ ਬਰਮਾਂ ਉੱਪਰ ਮਿੱਟੀ ਪਾ ਕੇ ਤਿਆਰ ਕਰਨ ਦਾ ਠੇਕਾ ਦਿੱਤਾ ਗਿਆ ਦੱਸਿਆ ਜਾ ਰਿਹਾ ਹੈ | ਬਰਮਾਂ ਬਣਾਉਣ ਲਈ ਮਿੱਟੀ ਬਾਹਰ ਤੋਂ ਲਿਆ ਕੇ ਪਾਉਣੀ ਹੈ | ਪਰ ਮਿੱਟੀ ਸੜਕ ਨੇੜੇ ਦਰਖਤਾਂ ਦੀ ਰਾਖਵੀਂ ਜਗ੍ਹਾ ਵਿਚੋਂ ਪੁੱਟ ਕੇ ਪਾਈ ਜਾ ਰਹੀ ਹੈ ਜਿਸ ਨਾਲ ਸੜਕ ਦੀਆਂ ਬਰਮਾਂ ਬਣਾਉਣ ਲਈ ਵਿਭਾਗ ਦੇ ਅਧਿਕਾਰੀ ਠੇਕੇਦਾਰ ਨਾਲ ਮਿਲੀਭੁਗਤ ਕਰਕੇ ਸਰਕਾਰੀ ਰਾਸ਼ੀ ਨੂੰ ਹੜੱਪਣਾ ਚਾਹੁੰਦੇ ਹਨ | ਰਾਖਵੀਂ ਜਗ੍ਹਾ ਵਿਚੋਂ ਪੁੱਟੀ ਜਾ ਰਹੀ ਮਿੱਟੀ ਕਾਰਨ ਘੁਟਾਲੇ ਦੀਆਂ ਚਰਚਾਵਾਂ ਜ਼ੋਰ ਫੜ ਰਹੀਆਂ ਹਨ | ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਇਸ ਤਰੀਕੇ ਨਾਲ ਮਿੱਟੀ ਖੁਦਾਈ ਕਰਨ ਨਾਲ ਸੜਕ ਕਿਨਾਰੇ ਖੜ੍ਹੇ ਦਰੱਖਤਾਂ ਦੀਆਂ ਜੜਾਂ ਨੂੰ ਵੀ ਨੁਕਸਾਨ ਪਹੁੰਚ ਰਿਹਾ ਹੈ, ਦਰਖਤਾਂ ਦੀਆਂ ਜੜ੍ਹ ਤੋ ਉਪਜਾਉ ਮਿੱਟੀ ਚੁੱਕੇ ਜਾਣ ਕਾਰਨ ਵਾਧਾ ਰੁਕੇਗਾ, ਦਰਖੱਤ ਡਿਗਣ ਦਾ ਖਾਦਸਾ ਵੀ ਜਾਹਰ ਹੋ ਰਿਹਾ ਹੈ | ਜੋ ਆਉਣ ਵਾਲੇ ਸਮੇਂ ਵਿੱਚ ਵਾਤਾਵਰਣ ਲਈ ਵੀ ਖਤਰਾ ਬਣ ਸਕਦੇ |ਲੋਕਾਂ ਨੇ ਮੰਗ ਕੀਤੀ ਹੈ, ਕਿ ਇਸ ਮਾਮਲੇ ਦੀ ਨਿਰਪੱਖ ਜਾਂਚ ਕਰਵਾਈ ਜਾਵੇ, ਬੇਨਿਯਮੀ ਜ਼ਿੰਮੇਵਾਰ ਅਧਿਕਾਰੀਆਂ ਅਤੇ ਸੰਬੰਧਤ ਫਰਮ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ, ਤਾਂ ਜੋ ਸਰਕਾਰੀ ਖਜ਼ਾਨੇ ਚੂਨਾ ਲਗਾਉਣ ਵਾਲਿਆਂ ਕਾਨੂੰਨੀ ਕਾਰਵਾਈ ਕੀਤੀ ਜਾਵੇ |