ਪਟਿਆਲਾ, 12 ਮਾਰਚ (ਧਰਮਿੰਦਰ ਸਿੰਘ ਸਿੱਧੂ)-ਪੱਛਮੀ ਏਸ਼ੀਆ ਵਿਚ ਚੱਲਦੀ ਜੰਗ ਦੇ ਪ੍ਰਭਾਵ ਕਾਰਨ ਭਾਰਤ ਵਿਚ ਵੀ ਗੈਸ ਸਿਲੰਡਰਾਂ ਦੀ ਕਿੱਲਤ ਦਾ ਮਾਮਲਾ ਸਾਹਮਣੇ ਆ ਰਿਹਾ ਹੈ | ਬੇਸ਼ੱਕ ਪਟਿਆਲਾ ਜ਼ਿਲੇ੍ਹ ਦੇ ਡੀ.ਸੀ. ਵਰਜੀਤ ਵਾਲੀਆ ਸਮੇਤ ਹੋਰਨਾਂ ਜ਼ਿਲਿ੍ਹਆਂ ਦੇ ਡਿਪਟੀ ਕਮਿਸ਼ਨਰਾਂ ਵਲੋਂ ਆਪਣੇ ਆਪਣੇ ਜ਼ਿਲੇ੍ਹ ਦੇ ਗੈਸ ਏਜੰਸੀ ਚਲਾਉਣ ਵਾਲਿਆਂ ਨੂੰ ਹਦਾਇਤ ਜਾਰੀ ਕਰਦਿਆਂ ਇਹ ਸਾਫ਼ ਕੀਤਾ ਗਿਆ ਹੈ ਕਿ ਕਿਸੇ ਪ੍ਰਕਾਰ ਦੀ ਜਮ੍ਹਾਂਖੋਰੀ/ ਕਾਲਾ ਬਾਜਾਰੀ ਕਰਨ 'ਤੇ ਉਨ੍ਹਾਂ ਉੱਤੇ ਕਾਰਵਾਈ ਹੋ ਸਕਦੀ ਹੈ ਅਤੇ ਜ਼ਿਲ੍ਹਾ ਵਾਸੀਆਂ ਨੂੰ ਗੈਸ ਦੀ ਕਿੱਲਤ ਤੋਂ ਘਬਰਾਉਣ ਦੀ ਲੋੜ ਨਹੀਂ | ਇਸ ਤੋਂ ਇਲਾਵਾ ਉਨ੍ਹਾਂ ਲੋੜ ਤੋਂ ਵੱਧ ਸਿਲੰਡਰ ਨਾ ਲੈਣ ਅਤੇ ਬੁਕਿੰਗ ਕਰਵਾਉਣ ਬਾਰੇ ਵੀ ਸਾਫ਼ ਕੀਤਾ ਗਿਆ ਹੈ | ਦੂਜੇ ਪਾਸੇ ਜੇਕਰ ਸ਼ਹਿਰ ਵਾਸੀਆਂ ਦੀ ਸੁਣੀ ਜਾਵੇ ਤਾਂ ਉਨ੍ਹਾਂ ਕਿਹਾ ਕਿ ਗੈਸ ਏਜੰਸੀ ਵਾਲਿਆਂ ਵਲੋਂ ਐਡਵਾਂਸ ਬੁਕਿੰਗ ਕਰਵਾਉਣ ਉੱਤੇ ਵੀ ਸਮੇਂ ਸਿਰ ਸਿਲੰਡਰ ਨਹੀਂ ਮਿਲ ਰਹੇ | ਹੋਰ ਤਾਂ ਹੋਰ ਹੁਣ ਬੁਕਿੰਗ ਨਹੀਂ ਹੋ ਰਹੀ ਅਤੇ ਗੈਸ ਵਿਕ੍ਰੇਤਾਵਾਂ ਵਲੋਂ ਇਹ ਕਹਿ ਕੇ ਬੁਤਾ ਸਾਰਿਆ ਜਾ ਰਿਹਾ ਹੈ ਕਿ ਬੁਕਿੰਗ ਦੀ ਦਿੱਕਤ ਸਾਰਿਆਂ ਨੂੰ ਹੀ ਆ ਰਹੀ ਹੈ | ਪ੍ਰੰਤੂ ਹੱਲ ਪੁੱਛਣ ਉਤੇ ਕਿਸੇ ਕੋਲ ਵੀ ਪੁਖਤਾ ਜਵਾਬ ਨਹੀਂ ਮਿਲ ਰਿਹਾ | ਬੇਸ਼ੱਕ ਵੱਖ ਵੱਖ ਗੈਸ ਏਜੰਸੀਆਂ ਵਲੋਂ ਆਪਣੇ ਗਾਹਕਾਂ ਨੂੰ ਇਹ ਸਾਫ ਕੀਤਾ ਗਿਆ ਹੈ ਕਿ ਇਕ ਮਹੀਨੇ ਵਿਚ ਕੇਵਲ ਇਕ ਸਿਲੰਡਰ ਹੀ ਮਿਲੇਗਾ | ਪ੍ਰੰਤੂ ਫਿਰ ਵੀ ਕੁਝ ਲੋਕਾਂ ਵਲੋਂ ਵੱਖ ਵੱਖ ਤਰੀਕਿਆਂ ਨਾਲ ਜਿਥੇ ਸਿਲੰਡਰ ਹਾਸਲ ਕਰਨ ਲਈ ਅਰਜੋਈ ਕੀਤੀ ਜਾ ਰਹੀ ਹੈ ਉਥੇ ਹੀ ਪੱਛਮੀ ਏਸ਼ੀਆ ਵਿਚ ਚੱਲਦੀ ਜੰਗ ਦੇ ਮੱਦੇਨਜਰ ਉਨ੍ਹਾਂ ਵਲੋਂ ਜਮ੍ਹਾਖੋਰੀ ਕਰਨ ਤੋਂ ਵੀ ਹਟਿਆ ਨਹੀਂ ਜਾ ਰਿਹਾ |