ਰਾਜਪੁਰਾ, 27 ਮਾਰਚ (ਰਣਜੀਤ ਸਿੰਘ)-ਰਾਜਪੁਰਾ ਨੇੜਲੇ ਪਿੰਡ ਘੜਾਮਾਂ ਕਲਾਂ ਵਿਖੇ ਸੰਤ ਬਾਬਾ ਘੜਾਮਾਂ ਕਲਾਂ ਦੀ ਬਰਸੀ ਦੇ ਮੌਕੇ 'ਤੇ ਅੰਮਿ੍ਤ ਸੰਚਾਰ ਕਰਵਾਇਆ ਗਿਆ | ਅੰਮਿ੍ਤ ਸੰਚਾਰ ਕਰਵਾਉਣ ਲਈ ਤਖ਼ਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਤੋਂ ਪੰਜ ਪਿਆਰੇ ਵਿਸ਼ੇਸ਼ ਤੌਰ 'ਤੇ ਆਏ ਅਤੇ ਇਨ੍ਹਾਂ ਦੇ ਨਾਲ ਧਰਮ ਪ੍ਰਚਾਰ ਕਮੇਟੀ ਦੇ ਭਾਈ ਅਵਤਾਰ ਸਿੰਘ ਵੀ ਪੁੱਜੇ ਹੋਏ ਸਨ | ਜਾਣਕਾਰੀ ਮੁਤਾਬਿਕ ਘੜਾਮਾਂ ਕਲਾਂ ਵਿਖੇ ਗੁਰੂ ਸਾਹਿਬ ਦੀ ਅਪਾਰ ਕਿਰਪਾ ਬਖਸ਼ਿਸ਼ ਸਦਕਾ ਇਕ ਵਿਸ਼ੇਸ਼ ਧਾਰਮਿਕ ਸਮਾਗਮ ਕਰਵਾਇਆ ਗਿਆ | ਇਸ ਮੌਕੇ ਪੰਜ ਪਿਆਰਿਆਂ ਦੀ ਦੇਖ-ਰੇਖ ਹੇਠ ਕਰਵਾਏ ਗਏ ਅੰਮਿ੍ਤ ਸੰਚਾਰ ਵਿਚ 25 ਪ੍ਰਾਣੀਆਂ ਨੇ ਖੰਡੇ ਬਾਟੇ ਦੀ ਪਾਹੁਲ ਪ੍ਰਾਪਤ ਕੀਤੀ ਅਤੇ ਗੁਰੂ ਵਾਲੇ ਬਣਨ ਦਾ ਸੁਭਾਗ ਪ੍ਰਾਪਤ ਕੀਤਾ | ਇਸ ਮੌਕੇ ਭਾਈ ਅਵਤਾਰ ਸਿੰਘ ਨੇ ਜੁੜੀ ਸੰਗਤ ਨੂੰ ਗੁਰੂ ਇਤਿਹਾਸ ਬਾਬਤ ਅਤੇ ਸਿੱਖੀ ਜੀਵਨ ਜਾਚ ਬਾਰੇ ਵਿਚ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ | ਉਨ੍ਹਾਂ ਕਿਹਾ ਕਿ ਸਾਨੂੰ ਬਾਣੇ ਅਤੇ ਬਾਣੀ ਦੇ ਧਾਰਨੀ ਹੋਣਾ ਚਾਹੀਦਾ ਹੈ | ਉਨ੍ਹਾਂ ਨੇ ਕਿਹਾ ਕਿ ਸਾਨੂੰ ਗੁਰੂ ਦੀ ਦੱਸੀ ਰਹਿਤ ਮਰਯਾਦਾ ਵਿਚ ਰਹਿਣਾ ਚਾਹੀਦਾ ਹੈ | ਪੰਜ ਕਕਾਰਾਂ ਦੀ ਰਹਿਤ ਮਰਿਆਦਾ ਬਾਬਤ ਜਾਣਕਾਰੀ ਦਿੱਤੀ | ਉਨ੍ਹਾਂ ਨੇ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਤੋਂ ਦੂਰ ਰਹਿਣ ਅਤੇ ਸਮਾਜਿਕ ਬੁਰਾਈਆਂ ਤੋਂ ਦੂਰ ਰਹਿ ਕੇ ਗੁਰੂ ਦੇ ਲੜ ਲੱਗਣ ਦੀ ਪੇ੍ਰਰਨਾ ਦਿੱਤੀ | ਇਸ ਮੌਕੇ 'ਤੇ ਕਕਾਰਾਂ ਦੀ ਸੇਵਾ ਤਖ਼ਤ ਸ੍ਰੀ ਦਮਦਮਾ ਸਾਹਿਬ ਤੋਂ ਨਿਸ਼ਕਾਮ ਕੀਤੀ ਗਈ | ਹੋਰਨਾਂ ਸਮੇਤ ਸ਼ਬੇਗ ਸਿੰਘ ਸੰਧੂ, ਗੁਰਪਾਲ ਸਿੰਘ, ਡਾ. ਦਰਸ਼ਨ ਸਿੰਘ, ਚਰਨਜੀਤ ਸਿੰਘ ਅਤੇ ਹੋਰ ਪਤਵੰਤੇ ਸੱਜਣ ਹਾਜ਼ਰ ਸਨ |