ਨਾਭਾ, 27 ਮਾਰਚ (ਜਗਨਾਰ ਸਿੰਘ ਦੁਲੱਦੀ)-ਸੂਬੇ ਵਿਚ ਅਮਨ-ਕਾਨੂੰਨ ਦੀ ਸਥਿਤੀ ਨੂੰ ਮਜ਼ਬੂਤ ਕਰਨ ਅਤੇ ਸ਼ਰਾਰਤੀ ਅਨਸਰਾਂ 'ਤੇ ਨਕੇਲ ਕੱਸਣ ਲਈ ਪੰਜਾਬ ਪੁਲਿਸ ਵਲੋਂ ਅੱਜ ਸੂਬੇ ਭਰ ਵਿਚ ਡੀ.ਜੀ.ਪੀ. ਲਾਅ ਐਂਡ ਆਰਡਰ ਅਰਪਿਤ ਸ਼ੁਕਲਾ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਹਾਈਟੈੱਕ ਨਾਕਾਬੰਦੀ ਕੀਤੀ ਗਈ, ਜਿਸ ਦੇ ਤਹਿਤ ਨਾਭਾ ਵਿਖੇ ਉਪ ਪੁਲਿਸ ਕਪਤਾਨ ਗੁਰਿੰਦਰ ਸਿੰਘ ਬੱਲ ਦੀ ਅਗਵਾਈ ਵਿਚ ਸਥਾਨਕ ਬਾਈਪਾਸ ਸੜਕ 'ਤੇ ਸਥਿਤ ਪਾਰਵਤੀ ਖੋਖੇ ਨੇੜੇ ਨਾਕਾਬੰਦੀ ਕਰਕੇ ਹਰੇਕ ਆਉਣ ਜਾਣ ਵਾਲੇ ਵਾਹਨਾਂ ਦੀ ਚੈਕਿੰਗ ਕੀਤੀ ਗਈ ਅਤੇ ਦਰਜਨਾਂ ਵਾਹਨਾਂ ਦੇ ਚਲਾਨ ਵੀ ਕੱਟੇ ਗਏ | ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਉਪ ਪੁਲਿਸ ਕਪਤਾਨ ਗੁਰਿੰਦਰ ਸਿੰਘ ਬੱਲ ਨੇ ਦੱਸਿਆ ਕਿ ਮਾੜੇ ਅਨਸਰਾਂ ਨੂੰ ਠੱਲ੍ਹ ਪਾਉਣ ਅਤੇ ਨਸ਼ਾ ਤਸਕਰਾਂ 'ਤੇ ਨਕੇਲ ਕੱਸਣ ਦੇ ਲਈ ਇਹ ਸਪੈਸ਼ਲ ਨਾਕਾਬੰਦੀ ਕੀਤੀ ਗਈ ਹੈ ਜਿਸ ਦੌਰਾਨ ਕਾਨੂੰਨ ਦੀ ਉਲੰਘਣਾ ਕਰਨ ਵਾਲੇ ਵਾਹਨਾਂ ਦੇ ਚਲਾਨ ਵੀ ਕੀਤੇ ਗਏ ਹਨ | ਉਨ੍ਹਾਂ ਕਿਹਾ ਕਿ ਕਾਨੂੰਨ ਦੀ ਉਲੰਘਣਾ ਕਰਨ ਵਾਲਿਆਂ ਅਤੇ ਮਾਹੌਲ ਖ਼ਰਾਬ ਕਰਨ ਵਾਲੇ ਸ਼ਰਾਰਤੀ ਅਨਸਰਾਂ ਨੂੰ ਕਿਸੇ ਵੀ ਕੀਮਤ 'ਤੇ ਪੁਲਿਸ ਵਲੋਂ ਬਖਸ਼ਿਆ ਨਹੀਂ ਜਾਵੇਗਾ | ਇਸ ਮੌਕੇ ਥਾਣਾ ਸਦਰ ਮੁਖੀ ਇੰਸਪੈਕਟਰ ਜਸਵਿੰਦਰ ਸਿੰਘ ਖੋਖਰ, ਥਾਣਾ ਕੋਤਵਾਲੀ ਮੁਖੀ ਇੰਸਪੈਕਟਰ ਸੌਰਵ ਸਭਰਵਾਲ ਆਦਿ ਵੱਡੀ ਗਿਣਤੀ ਵਿਚ ਥਾਣਿਆਂ ਦੇ ਮੁਲਾਜ਼ਮ ਮੌਜੂਦ ਸਨ |