ਪਟਿਆਲਾ, 2 ਅਪ੍ਰੈਲ (ਧਰਮਿੰਦਰ ਸਿੰਘ ਸਿੱਧੂ)-ਰਾਮਗੜ੍ਹੀਆ ਕਲਚਰਲ ਐਂਡ ਵੈੱਲਫੇਅਰ ਕੌਂਸਲ ਪਟਿਆਲਾ ਵਲੋਂ ਪ੍ਰਵਾਸੀ ਪੰਜਾਬੀ ਕਵੀ ਸੁਰਿੰਦਰ ਸਿੰਘ ਜੱਬਲ ਦੇ ਕਾਵਿ ਸੰਗ੍ਰਹਿ ''ਵਿਰਾਸਤ ਦੇ ਰੂ-ਬ-ਰੂ'' ਦਾ ਲੋਕ ਅਰਪਣ ਸਮਾਗਮ ਪੰਜਾਬੀ ਯੂਨੀਵਰਸਿਟੀ ਦੇ ਵਰਲਡ ਪੰਜਾਬੀ ਸੈਂਟਰ ਵਿਖੇ ਕੀਤਾ ਗਿਆ, ਜਿਸ ਵਿਚ ਕਈ ਨਾਮੀ ਵਿਦਵਾਨਾਂ ਤੇ ਸਾਹਿਤ ਪ੍ਰੇਮੀਆਂ ਨੇ ਸ਼ਮੂਲੀਅਤ ਕੀਤੀ | ਵਰਲਡ ਪੰਜਾਬੀ ਸੈਂਟਰ ਅਤੇ ਹਰਿਦਰਸ਼ਨ ਮੈਮੋਰੀਅਲ ਇੰਟਰਨੈਸ਼ਨਲ ਟਰੱਸਟ ਕੈਨੇਡਾ ਦੇ ਸਹਿਯੋਗ ਨਾਲ ਕਰਵਾਏ ਗਏ ਇਸ ਵਿਸ਼ੇਸ਼ ਸਮਾਗਮ ਵਿਚ ਮੁੱਖ ਮਹਿਮਾਨ ਸਿੱਖ ਵਿਦਵਾਨ ਡਾ. ਬਲਕਾਰ ਸਿੰਘ ਸਨ ਜਦਕਿ ਪ੍ਰਧਾਨਗੀ ਵਰਲਡ ਪੰਜਾਬੀ ਸੈਂਟਰ ਦੇ ਡਾਇਰੈਕਟਰ ਡਾ. ਭੀਮਇੰਦਰ ਸਿੰਘ ਨੇ ਕੀਤੀ | ਵਿਸ਼ੇਸ਼ ਮਹਿਮਾਨਾਂ ਵਜੋਂ ਅਵਤਾਰ ਸਿੰਘ ਨਨ੍ਹੜੇ (ਨਾਭਾ), ਜਰਨੈਲ ਸਿੰਘ ਮਠਾੜੂ (ਕੈਨੇਡਾ) ਤੇ ਭਗਵੰਤ ਸਿੰਘ ਮਣਕੂ (ਭਾਦਸੋਂ) ਨੇ ਸ਼ਮੂਲੀਅਤ ਕੀਤੀ | ਸਮਾਗਮ ਦੇ ਸ਼ੁਰੂ ਵਿਚ ਮੰਚ ਸੰਚਾਲਕ-ਕਾਲਮ ਨਵੀਸ ਤੇ ਸਾਬਕਾ ਜ਼ਿਲ੍ਹਾ ਲੋਕ ਸੰਪਰਕ ਅਧਿਕਾਰੀ ਉਜਾਗਰ ਸਿੰਘ ਨੇ ''ਚਾਚਾ ਵੈਨਕੂਵਰੀਆ'' ਵਜੋਂ ਜਾਣੇ ਜਾਂਦੇ ਕਵੀ ਸੁਰਿੰਦਰ ਸਿੰਘ ਜੱਬਲ ਦੀ ਸ਼ਖ਼ਸੀਅਤ ਬਾਰੇ ਜਾਣਕਾਰੀ ਅਤੇ ਉਨ੍ਹਾਂ ਨਾਲ ਆਪਣੀ ਸਾਂਝ ਦਾ ਪ੍ਰਗਟਾਵਾ ਕੀਤਾ | ਰਾਮਗੜ੍ਹੀਆ ਕਲਚਰਲ ਐਂਡ ਵੈੱਲਫੇਅਰ ਕੌਂਸਲ ਦੇ ਪ੍ਰਧਾਨ ਪਰਮਜੀਤ ਸਿੰਘ ਪਰਵਾਨਾ ਨੇ ਸਭਨਾਂ ਨੂੰ ਜੀ ਆਇਆਂ ਆਖਿਆ ਤੇ ਧੰਨਵਾਦ ਕੀਤਾ | ਇਸ ਮੌਕੇ ਮੁੱਖ ਮਹਿਮਾਨ ਡਾ. ਬਲਕਾਰ ਸਿੰਘ ਨੇ ਸੁਰਿੰਦਰ ਸਿੰਘ ਜੱਬਲ ਨੂੰ ਸਰਬਾਂਗੀ ਕਵੀ ਦੱਸਦਿਆਂ ''ਵਿਰਾਸਤ ਦੇ ਰੂ-ਬ-ਰੂ'' ਪੁਸਤਕ ਵਿਚਲੀਆਂ ਕਵਿਤਾਵਾਂ ਦੀ ਭਰਪੂਰ ਪ੍ਰਸੰਸਾ ਕੀਤੀ | ਉਨ੍ਹਾਂ ਕਿਹਾ ਕਿ ਇਹ ਪੁਸਤਕ ਵਿਰਾਸਤੀ ਜਲੌਅ ਦਾ ਪ੍ਰਤੀਕ ਹੈ ਅਤੇ ਸਾਨੂੰ ਦੱਸਦੀ ਹੈ ਕਿ ਸਾਡੇ ਗਲ ਸਿਆਸਤ ਨੇ ਕੀ ਪਾ ਦਿੱਤਾ ਹੈ ਤੇ ਗੁਰਮਤਿ ਦੀ ਵਿਰਾਸਤ ਦੇ ਅਸੀਂ ਮੁੱਦਈ ਕਿਵੇਂ ਹਾਂ | ਉਨ੍ਹਾਂ ਹੋਰ ਕਿਹਾ ਕਿ ਸੁਰਿੰਦਰ ਸਿੰਘ ਜੱਬਲ ਦੀਆਂ ਕਵਿਤਾਵਾਂ ਵਿਚੋਂ ਪੰਥਕ ਮਾਨਸਿਕਤਾ ਝਲਕਦੀ ਹੈ ਤੇ ਉਹ ਸੂਖਮਤਾ ਨਾਲ ਗੱਲ ਕਹਿਣ ਦਾ ਆਦੀ ਵੀ ਹੈ | ਸਮਾਗਮ ਦੀ ਪ੍ਰਧਾਨਗੀ ਕਰ ਰਹੇ ਡਾ. ਭੀਮਇੰਦਰ ਸਿੰਘ ਨੇ ਕਿਹਾ ਕਿ ਸੁਰਿੰਦਰ ਸਿੰਘ ਜੱਬਲ ਦੀਆਂ ਪੁਸਤਕ ਵਿਚਲੀਆਂ ਰਚਨਾਵਾਂ ਸਿੱਖ ਇਤਿਹਾਸ ਤੇ ਅਮੀਰ ਵਿਰਾਸਤ ਦਾ ਪ੍ਰਤੀਬਿੰਬ ਹਨ | ਇਸ ਮੌਕੇ ਨਾਭਾ ਦੇ ਸਨਅਤਕਾਰ ਅਵਤਾਰ ਸਿੰਘ ਨਨ੍ਹੜੇ ਨੇ ਪੁਸਤਕ ਲਈ ਸੁਰਿੰਦਰ ਸਿੰਘ ਜੱਬਲ ਨੂੰ ਵਧਾਈ ਦਿੰਦਿਆਂ ਵਿਰਾਸਤੀ ਇਤਿਹਾਸ ਨੂੰ ਕਿਤਾਬਾਂ ਰਾਹੀਂ ਉਜਾਗਰ ਕਰਨ 'ਤੇ ਜ਼ੋਰ ਦਿੱਤਾ ਤਾਂ ਕਿ ਨੌਜਵਾਨ ਪੀੜ੍ਹੀ ਉਸ ਤੋਂ ਜਾਣੂੰ ਹੋ ਸਕੇ | ਇਸ ਮੌਕੇ ਡਾ. ਹਰਜਿੰਦਰ ਸਿੰਘ ਵਾਲੀਆ ਅਤੇ ਸੇਵਾ ਮੁਕਤ ਚੀਫ਼ ਇੰਜੀਨੀਅਰ ਜੋਤਇੰਦਰ ਸਿੰਘ ਨੇ ਵੀ ਸੰਬੋਧਿਤ ਕੀਤਾ | ਸਮਾਗਮ ਵਿਚ ਰਾਮਗੜ੍ਹੀਆ ਕਲਚਰਲ ਐਂਡ ਵੈੱਲਫੇਅਰ ਕੌਂਸਲ ਦੇ ਚੇਅਰਮੈਨ ਅਮਰੀਕ ਸਿੰਘ ਭੁੱਲਰ ਤੋਂ ਇਲਾਵਾ ਡਾ. ਕੇਹਰ ਸਿੰਘ, ਪ੍ਰੋ. ਮਨਜੀਤ ਸਿੰਘ, ਡਾ. ਹਰੀ ਸਿੰਘ ਬੋਪਾਰਾਏ, ਡਾ. ਪਰਮਵੀਰ ਸਿੰਘ, ਡਾ. ਕਸ਼ਮੀਰ ਸਿੰਘ ਹੰਸਪਾਲ, ਹਰਪਾਲ ਕੌਰ, ਸੋਹਨ ਲਾਲ ਗੁਪਤਾ, ਅਮਨ ਅਰੋੜਾ, ਜਸਬੀਰ ਸਿੰਘ, ਇੰਦਰਜੀਤ ਸਿੰਘ ਮੁੰਡੇ, ਜੁਗਨੂੰ ਸਿੰਘ, ਵਰਿੰਦਰ ਕਾਹਲੋਂ, ਰਣਬੀਰ ਸਿੰਘ, ਜਸਪਾਲ ਸਿੰਘ ਗਾਡਰ, ਸਰਬਜੀਤ ਸਿੰਘ ਬੰਸਲ ਤੇ ਹੋਰ ਸਾਹਿਤ ਪ੍ਰੇਮੀ ਹਾਜ਼ਰ ਸਨ |