ਭਾਦਸੋਂ, 6 ਅਪੈ੍ਰਲ (ਪ੍ਰਦੀਪ ਦੰਦਰਾਲਾ)-ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਆਮਦ 'ਤੇ ਪਟਿਆਲਾ ਦਿਹਾਤੀ ਹਲਕੇ ਦੀ ਰੈਲੀ ਪਟਿਆਲਾ ਵਿਖੇ ਕੀਤੀ ਗਈ, ਜਿਸ ਵਿਚ ਪਟਿਆਲਾ ਦਿਹਾਤੀ ਹਲਕੇ ਦੇ ਪਿੰਡਾਂ ਵਿਚ ਲੋਕਾਂ ਨੂੰ ਲਿਜਾਣ ਲਈ ਪੀ.ਆਰ.ਟੀ.ਸੀ. (ਪੈਪਸੂ ਰੋਡ ਟਰਾਂਸਪੋਰਟ ਕਾਰਪੋਰੇਸ਼ਨ) ਦੀਆਂ ਬੱਸਾਂ ਹਰ ਪਿੰਡ ਵਿਚ ਪੁੱਜੀਆਂ, ਜਿਨ੍ਹਾਂ ਕਾਰਨ ਚਰਚਾਵਾਂ ਦਾ ਬਾਜ਼ਾਰ ਗਰਮ ਰਿਹਾ | ਕੁਝ ਸਮਾਜ ਸੇਵੀਆਂ ਦਾ ਇਹ ਆਖਣਾ ਹੈ ਕਿ ਕਾਂਗਰਸ, ਅਕਾਲੀ-ਭਾਜਪਾ ਪਾਰਟੀਆਂ ਨੂੰ ਭੰਡਣ ਵਾਲ਼ੀ ਆਮ ਆਦਮੀ ਪਾਰਟੀ ਦੇ ਵਿਚਾਰ ਹੁਣ ਸਿਰਫ ਗੱਲਾਂ ਤੱਕ ਹੀ ਸੀਮਤ ਜਾਪਦੇ ਹਨ | ਇਸ ਤੋਂ ਇਲਾਵਾ ਇਸ ਮਸਲੇ ਸੰਬੰਧੀ ਜਦੋਂ ਕਾਂਗਰਸ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਹਰਵਿੰਦਰ ਸਿੰਘ ਖਨੌੜਾ ਨਾਲ ਰਾਬਤਾ ਕੀਤਾ ਤਾਂ ਉਨ੍ਹਾਂ ਆਪ ਸਰਕਾਰ ਤੇ ਨਿਸ਼ਾਨਾ ਵਿੰਨ੍ਹਦਿਆਂ ਆਖਿਆ ਕਿ ਹੋਰਨਾਂ ਨੂੰ ਫਿਲਾਸਫੀ ਦਾ ਪਾਠ ਪੜ੍ਹਾਉਣ ਵਾਲੀ ਆਮ ਆਦਮੀ ਪਾਰਟੀ ਨੂੰ ਆਪਣੀ ਪੀੜ੍ਹੀ ਹੇਠ ਸੋਟਾ ਫੇਰਨ ਦੀ ਲੋੜ ਹੈ | ਉਹਨਾਂ ਕਿਹਾ ਪਟਿਆਲਾ ਦਿਹਾਤੀ ਹਲਕੇ ਚ ਸਰਕਾਰੀ ਤੰਤਰ ਦੀ ਹੋ ਰਹੀ ਲੁੱਟ ਸੂਬੇ ਦੀ ਜਨਤਾ ਨਾਲ ਸਰਾਸਰ ਧੱਕਾ ਹੈ , ਜਿਸ ਦੀ ਉਹ ਨਿੰਦਾ ਕਰਦੇ ਹਨ |