ਸਮਾਣਾ, 6 ਅਪ੍ਰੈਲ (ਸਾਹਿਬ ਸਿੰਘ)-'ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਦੇ ਸਰਵਪੱਖੀ ਵਿਕਾਸ ਅਤੇ ਲੋਕਾਂ ਨੂੰ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਉਣ ਲਈ ਵਚਨਬੱਧ ਹੈ |' ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਅਤੇ ਸੂਬਾ ਜਨਰਲ ਸਕੱਤਰ ਆਮ ਆਦਮੀ ਪਾਰਟੀ ਪੰਜਾਬ ਵਲੋਂ ਸਮਾਣਾ ਦੇ ਵਾਰਡ ਨੰ. 21 ਦੀ ਢਿੱਲੋਂ ਕਾਲੋਨੀ ਵਿਖੇ ਜਨ-ਸਭਾ ਵਿਚ ਸੰਬੋਧਨ ਕਰਦਿਆਂ ਕੀਤਾ | ਇਸ ਸਭਾ ਵਿਚ ਵੱਡੀ ਗਿਣਤੀ ਵਿਚ ਮੁਹੱਲਾ ਵਾਸੀਆਂ ਵਲੋਂ ਬਰਸਟ ਦਾ ਸਵਾਗਤ ਕੀਤਾ ਗਿਆ | ਇਲਾਕਾ ਨਿਵਾਸੀਆਂ ਵਲੋਂ ਸ. ਬਰਸਟ ਨੂੰ ਕਾਲੋਨੀ ਦੇ ਵਿਕਾਸ ਅਤੇ ਹੋਰਨਾਂ ਸਮੱਸਿਆਵਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ | ਬਰਸਟ ਨੇ ਕਾਲੋਨੀ ਵਾਸੀਆਂ ਨੂੰ ਭਰੋਸਾ ਦਵਾਇਆ ਕਿ ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਪਹਿਲ ਦੇ ਅਧਾਰ ਤੇ ਹੱਲ ਕਰਵਾਇਆ ਜਾਵੇਗਾ | ਉਨ੍ਹਾਂ ਅੱਗੇ ਕਿਹਾ ਕਿ ਪੰਜਾਬ ਸਰਕਾਰ ਸੂਬੇ ਦੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਲਈ ਲਗਾਤਾਰ ਯਤਨਸ਼ੀਲ ਹੈ | ਉਨ੍ਹਾਂ ਭਰੋਸਾ ਦਿੱਤਾ ਕਿ ਵਿਕਾਸ ਕਾਰਜਾਂ ਲਈ ਫ਼ੰਡਾਂ ਦੀ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ | ਇਸ ਮੌਕੇ ਹਜਾਰੀ ਲਾਲ ਜੋਹਰੀ, ਸੁਖਵਿੰਦਰ ਸਿੰਘ, ਇਸ਼ਵਰ ਪਾਲ, ਬਲਵਿੰਦਰ ਸਿੰਘ ਗਾਜੀਪੁਰ, ਸਾਹਿਲ ਮਹਿਮੀ, ਅਸ਼ਵਨੀ ਅਰੋੜਾ, ਵਿਨੇ ਵਾਧਵਾ, ਕੁਲਦੀਪ ਸਿੰਘ, ਅਜੀਤ ਸਿੰਘ ਚੀਮਾ, ਰੋਹਿਤ ਮਹਿਰਾ, ਰਾਜ ਕੁਮਾਰ ਅਤੇ ਜੈਂਕੀ ਮਹਿਰਾ ਸਮੇਤ ਵੱਡੀ ਗਿਣਤੀ ਵਿਚ ਲੋਕ ਮੌਜੂਦ ਸਨ |