ਪਟਿਆਲਾ, 6 ਅਪ੍ਰੈਲ (ਮਨਦੀਪ ਸਿੰਘ ਖਰੌੜ)-ਰਜਿੰਦਰਾ ਹਸਪਤਾਲ 'ਚ ਚੱਲ ਰਹੀ ਹੜਤਾਲ ਦੇ ਕਾਰਨ ਸਟਾਫ਼ ਨਰਸਿਜ ਦੀ ਭਾਰੀ ਕਮੀ ਦਾ ਅਸਰ ਹੁਣ ਸਿਹਤ ਸੇਵਾਵਾਂ 'ਤੇ ਸਿੱਧੇ ਤੌਰ 'ਤੇ ਦਿਖਾਈ ਦੇ ਰਿਹਾ ਹੈ ਅਤੇ ਹਸਪਤਾਲ ਦੀਆਂ ਸਾਰੀਆਂ ਸੇਵਾਵਾਂ ਬਿਨਾਂ ਸਟਾਫ਼ ਨਰਸਿਜ ਦੀ ਦੇਖ ਰੇਖ ਤੋਂ ਵਿਦਿਆਰਥੀਆਂ ਦੁਆਰਾ ਨਿਭਾਈਆਂ ਜਾ ਰਹੀਆਂ ਹਨ | ਲਗਾਤਾਰ ਹੜਤਾਲ ਦੇ ਬਾਰਾਂ ਦਿਨ ਬੀਤ ਜਾਣ ਦੇ ਬਾਦ ਅੱਜ ਮੁੱਖ ਮੰਤਰੀ ਵਲੋਂ ਯੂਨਾਈਟਿਡ ਨਰਸਿਜ ਐਸੋਸੀਏਸ਼ਨ ਆਫ ਪੰਜਾਬ ਦੇ ਅਹੁਦੇਦਾਰਾਂ ਨਾਲ ਪਟਿਆਲਾ ਰੈਲੀ ਦੌਰਾਨ ਮੁਲਾਕਾਤ ਕੀਤੀ ਗਈ ਤੇ ਭਰੋਸਾ ਦਿੱਤਾ ਗਿਆ ਕਿ ਜਲਦੀ ਹੀ ਮੁਲਾਜਮਾਂ ਦੀ ਹੱਕੀ ਮੰਗ 4600 ਗ੍ਰੇਡ-ਪੇ ਦਾ ਹੱਲ ਕੱਢਿਆ ਜਾਵੇਗਾ | ਅੱਜ ਤਿੰਨੋਂ ਮੈਡੀਕਲ ਕਾਲਜਾਂ ਦੇ ਸਮੂਹ ਨਰਸਿੰਗ ਸਟਾਫ਼ ਵਲੋਂ ਧਰਨੇ ਵਿਚ ਜਪੁਜੀ ਸਾਹਿਬ, ਚੌਪਈ ਸਾਹਿਬ ਤੇ ਪੰਜ ਪੌੜੀਆਂ ਦਾ ਪਾਠ ਕੀਤਾ ਗਿਆ | ਤਿੰਨੋ ਮੈਡੀਕਲ ਕਾਲਜਾਂ ਦੇ ਸਮੂਹ ਨਰਸਿੰਗ ਸਟਾਫ਼ ਦਾ ਕਹਿਣਾ ਹੈ ਕਿ ਅਸੀਂ ਆਪਣੀ 4600 ਗਰੇਡ-ਪੇ ਹੱਕੀ ਮੰਗ ਨੂੰ ਬਿਨਾਂ ਹਾਸਿਲ ਕੀਤੇ ਹੜਤਾਲ ਬੰਦ ਨਹੀਂ ਕਰਾਂਗੇ |