ਪਟਿਆਲਾ, 6 ਅਪ੍ਰੈਲ (ਗੁਰਵਿੰਦਰ ਸਿੰਘ ਔਲਖ)-ਸੰਯੁਕਤ ਕਿਸਾਨ ਮੋਰਚਾ ਪਟਿਆਲਾ ਵਲੋਂ ਸੂਬਾ ਕਮੇਟੀ ਦੇ ਫ਼ੈਸਲੇ ਤਹਿਤ ਡੀ.ਸੀ. ਦਫ਼ਤਰ ਅੱਗੇ ਧਰਨਾ ਦਿੱਤਾ ਗਿਆ, ਜਿਸ 'ਚ ਵਾਢੀ ਦੇ ਸੀਜ਼ਨ ਦੇ ਬਾਵਜੂਦ ਵੱਡੀ ਗਿਣਤੀ ਵਿਚ ਕਿਸਾਨਾਂ ਨੇ ਹਿੱਸਾ ਲਿਆ ਅਤੇ ਮਜਦੂਰਾਂ-ਮੁਲਾਜਮਾਂ ਵਲੋਂ ਟੋਕਨ ਹਮਾਇਤ ਦਿੱਤੀ ਗਈ | ਬੁਲਾਰਿਆਂ ਨੇ ਕਰਜ਼ਾ ਮੁਕਤੀ, ਪੰਜਾਬ ਦੇ ਪਾਣੀਆਂ ਦਾ ਮਸਲਾ ਰਿਪੇਰੀਅਨ-ਬੇਸਿਨ ਸਿਧਾਂਤ ਤਹਿਤ ਹੱਲ ਕਰਨ, ਅਮਰੀਕਾ ਨਾਲ ਕਰ-ਮੁਕਤ ਸਮਝੌਤਾ ਨਾ ਕਰਨ, ਬੀਜ ਬਿੱਲ ਤੇ ਬਿਜਲੀ ਕਾਨੂੰਨ ਰੱਦ ਕਰਨ, ਮਟਰਾਂ ਤੇ ਆਲੂਆਂ ਦੇ ਬੇਮੌਸਮੀ ਬਾਰਸ਼ ਨਾਲ ਨੁਕਸਾਨ ਲਈ ਪ੍ਰਤੀ ਏਕੜ 50 ਹਜ਼ਾਰ ਰੁਪਏ ਮੁਆਵਜ਼ਾ, ਤੇਲ-ਖਾਦਾਂ ਦੀ ਸਪਲਾਈ, ਆੜ੍ਹਤੀਆਂ ਦੇ ਮਸਲੇ ਹੱਲ ਕਰਕੇ ਕਣਕ ਦੀ ਖ਼ਰੀਦ ਸੁਚੱਜੀ ਕਰਨ ਅਤੇ ਨਰਸਾਂ ਨੂੰ ਰੈਗੂਲਰ ਕਰਕੇ 4600 ਗ੍ਰੇਡ ਦੇਣ ਦੀ ਮੰਗ ਕੀਤੀ | ਧਰਨੇ ਉਪਰੰਤ ਮੰਗ ਪੱਤਰ ਡੀ.ਸੀ. ਰਾਹੀਂ ਗਵਰਨਰ ਪੰਜਾਬ ਨੂੰ ਭੇਜਿਆ ਗਿਆ ਅਤੇ ਜ਼ਿਲ੍ਹਾ ਪੱਧਰ ਦੇ ਮਸਲਿਆਂ ਲਈ ਡੀ.ਸੀ. ਨਾਲ ਮੀਟਿੰਗ ਦਾ ਸਮਾਂ ਮੰਗਿਆ ਗਿਆ | ਜ਼ਿਲ੍ਹਾ ਵਣ ਅਧਿਕਾਰੀ ਨੇ ਮੰਗ ਪੱਤਰ ਲੈ ਕੇ ਇਸ ਨੂੰ ਅੱਗੇ ਭੇਜਣ ਅਤੇ ਮੀਟਿੰਗ ਦਾ ਸਮਾਂ ਦਿਵਾਉਣ ਦਾ ਭਰੋਸਾ ਦਿੱਤਾ | ਧਰਨੇ ਨੂੰ ਪ੍ਰੇਮ ਸਿੰਘ ਭੰਗੂ, ਰਾਮਿੰਦਰ ਸਿੰਘ ਪਟਿਆਲਾ, ਧਰਮਪਾਲ ਸੀਲ, ਕੁਲਵੰਤ ਸਿੰਘ ਮੌਲਵੀਵਾਲਾ, ਰਾਮ ਸਿੰਘ ਮਟੋਰਡਾ, ਗੁਲਜ਼ਾਰ ਸਿੰਘ ਸਲੇਮਪੁਰ, ਬੂਟਾ ਸਿੰਘ ਸ਼ਾਦੀਪੁਰ, ਦਰਸਨ ਬੇਲੂਮਾਜਰਾ, ਸੁਖਵਿੰਦਰ ਤੁੱਲੇਵਾਲ, ਸੁਖਦੇਵ ਸਿੰਘ ਹਰਿਆਊ, ਹਰਿੰਦਰ ਲਾਖਾ, ਜਗਪਾਲ ਊਧਾ, ਕੁਲਵਿੰਦਰ ਕੌਰ, ਦਵਿੰਦਰ ਸਿੰਘ ਪੂਨੀਆ, ਸੁਖਮਿੰਦਰ ਬਾਰਨ, ਅਵਤਾਰ ਕੌਰ ਜੀਵਾਲਾ, ਹਰਭਜਨ ਧੂਹੜ, ਨਰਿੰਦਰ ਲੇਹਲਾਂ, ਬਿਰਜ ਲਾਲ, ਪਵਨ ਸੋਗਲਪੁਰ, ਗੁਰਮੀਤ ਛੱਜੂਭੱਟ, ਚਰਨਜੀਤ ਧੂਹੜੀਆਂ, ਜਗਮੇਲ ਸੁਧੇਵਾਲ ਅਤੇ ਹਰਬੰਸ ਦਦਹੇੜਾ ਨੇ ਸੰਬੋਧਨ ਕੀਤਾ |