ਸਮਾਣਾ, 7 ਅਪ੍ਰੈਲ (ਸਾਹਿਬ ਸਿੰਘ)-ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਵਿਜੇਇੰਦਰ ਸਿੰਗਲਾ ਨੇ ਕਿਹਾ ਹੈ ਪੰਜਾਬ ਦੀ ਅਮਨ-ਕਾਨੂੰਨ ਦੀ ਹਾਲਤ ਬੇਹੱਦ ਮਾੜੀ ਅਤੇ ਸਰਕਾਰ ਦੇ ਹੱਥਾਂ ਵਿਚ ਨਹੀਂ ਰਹੀ ਸਗੋਂ ਇਹ ਜੰਗਲ ਰਾਜ ਤੋਂ ਵੀ ਮਾੜੀ ਹੈ | ਸ੍ਰੀ ਸਿੰਗਲਾ ਨੇ ਪਰਿਵਾਰ ਸਣੇ ਆਪਣੇ ਪਿਤਾ ਸਵ. ਸੰਤ ਰਾਮ ਸਿੰਗਲਾ ਦੀ 21ਵੀਂ ਬਰਸੀ ਮੌਕੇ ਪਰਿਵਾਰ ਸਮੇਤ ਸਵ. ਸਿੰਗਲਾ ਨੂੰ ਸ਼ਰਧਾਂਜਲੀ ਭੇਟ ਕੀਤੀ ਅਤੇ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆਖਿਆ ਕਿ ਇਸ ਵਕਤ ਦੇਸ਼ ਬਹੁਤ ਹੀ ਬੁਰੇ ਦੌਰ ਵਿਚੋਂ ਲੰਘ ਰਿਹਾ ਹੈ ਅਤੇ ਕਾਂਗਰਸ ਆਪਣੇ ਸਹਿਯੋਗੀਆਂ ਨਾਲ ਲੋਕਾਂ ਨੂੰ ਨਾਲ ਲੈ ਕੇ ਦੇਸ਼ ਦੀਆਂ ਸੰਸਥਾਵਾਂ ਤੇ ਬੱਚਿਆਂ ਦੇ ਭਵਿੱਖ ਲਈ ਲੜਾਈ ਲੜ ਰਹੀ ਹੈ | ਪੱਤਰਕਾਰਾਂ ਵਲੋਂ ਪੁੱਛੇ ਸਵਾਲਾਂ ਦਾ ਜਵਾਬ ਦਿੰਦਿਆਂ ਉਨ੍ਹਾਂ ਆਖਿਆ ਕਿ ਪੰਜਾਬ ਵਿਚ ਰੋਜ਼ਾਨਾ ਦੀ ਕਤਲੋਗਾਰਤ, ਲੁੱਟ-ਖੋਹ ਅਤੇ ਫਿਰੌਤੀਆਂ ਨੇ ਸੂਬੇ ਦੇ ਲੋਕਾਂ ਦਾ ਸਾਹ ਲੈਣਾ ਮੁਸ਼ਕਲ ਕਰ ਦਿੱਤਾ ਹੈ | ਮੰਤਰੀਆਂ ਅਤੇ ਵਿਧਾਇਕਾਂ ਤੋਂ ਸਤਾਏ ਲੋਕ ਖ਼ੁਦਕੁਸ਼ੀਆਂ ਦਾ ਰਾਹ ਚੁਣ ਰਹੇ ਹਨ | ਹਰ ਘਰ ਵਿਚ ਨੌਕਰੀਆਂ ਦੇਣ ਦਾ ਵਾਅਦਾ ਕਰਕੇ ਸੱਤਾ ਵਿਚ ਆਈ 'ਆਪ' ਨੇ ਗਿਣੀਆਂ ਜਾਣ ਵਾਲੀਆਂ ਨੌਕਰੀਆਂ ਦੇ ਕੇ ਪੰਜਾਬ ਦੇ ਨੌਜਵਾਨਾਂ ਨਾਲ ਧੋਖਾ ਕੀਤਾ ਹੈ | ਨੌਜਵਾਨਾਂ ਦਾ ਭਵਿੱਖ ਖ਼ਰਾਬ ਹੋ ਰਿਹਾ ਹੈ | ਚਾਰ ਸਾਲਾਂ ਵਿਚ ਪੰਜਾਬ 'ਤੇ 4 ਲੱਖ ਕਰੋੜ ਰੁਪਏ ਦਾ ਕਰਜ਼ਾ ਚਾੜ੍ਹ ਕੇ ਮੁੱਖ ਮੰਤਰੀ ਇਸ ਨੂੰ ਮਜ਼ਾਕੀਆ ਲਹਿਜ਼ੇ ਵਿਚ ਨਾ ਕਦੇ ਵੀ ਨਾ ਮੋੜਨ ਦੀ ਗੱਲ ਕਰਦੇ ਹਨ | ਪੰਜਾਬ ਵਿਚ ਭਿ੍ਸ਼ਟਾਚਾਰ ਸਿਖਰ ਕਰ ਚੁੱਕਾ ਹੈ | ਅਕਾਲੀ-ਭਾਜਪਾ ਦੇ ਗਠਜੋੜ ਸਬੰਧੀ ਪੁੱਛੇ ਜਾਣ 'ਤੇ ਉਨ੍ਹਾਂ ਆਖਿਆ ਕਿ ਅਕਾਲੀ ਦਲ (ਬਾਦਲ) ਅਤੇ ਭਾਜਪਾ ਇਕੱਠੇ ਜਾਂ ਅਲੱਗ-ਅਲੱਗ ਰਹਿਣ, ਇਹ ਦੋਵੇਂ ਘਿਉ-ਖਿਚੜੀ ਹਨ ਅਤੇ ਵਿਧਾਨ ਸਭਾ ਚੋਣਾਂ ਆਪਸੀ ਮਿਲੀਭੁਗਤ ਨਾਲ ਲੜਨਗੇ | ਕਾਂਗਰਸ ਨੂੰ ਇਸ ਦਾ ਕੋਈ ਫ਼ਰਕ ਨਹੀਂ ਪੈਂਦਾ | ਉਨ੍ਹਾਂ ਆਖਿਆ ਕਿ ਪਾਰਟੀ ਹਾਈਕਮਾਨ ਦੀ ਪੰਜਾਬ 'ਤੇ ਨਜ਼ਰ ਹੈ ਅਤੇ ਪੰਜਾਬ ਵਿਚ ਸਾਰੀ ਲੀਡਰਸ਼ਿਪ ਇਕ ਹੋ ਕੇ ਕੰਮ ਰਹੀ ਹੈ | ਇਸ ਮੌਕੇ ਲਾਈਨਜ਼ ਕਲੱਬ ਰਾਇਲ ਸਮਾਣਾ ਦੇ ਪ੍ਰਧਾਨ ਜੀਵਨ ਗਰਗ, ਪੰਜਾਬ ਮਹਿਲਾ ਕਾਂਗਰਸ ਦੇ ਪ੍ਰਧਾਨ ਬੀਬਾ ਗੁਰਸ਼ਰਨ ਕੌਰ ਰੰਧਾਵਾ, ਕਾਂਗਰਸ ਆਗੂ ਰਛਪਾਲ ਸਿੰਘ ਜੌੜਾਮਾਜਰਾ, ਜਗਤਾਰ ਸਿੰਘ ਰਾਜਲਾ, ਜਰਨੈਲ ਸਿੰਘ ਰਾਜਲਾ, ਰਾਜ ਕੁਮਾਰ ਭਾਨ, ਧਰਮਪਾਲ ਜੋਸ਼ੀ, ਜਗਵਿੰਦਰ ਸਿੰਘ ਢਿੱਲੋਂ, ਯਸ਼ਪਾਲ ਸਿੰਗਲਾ, ਸ਼ਿਵ ਕੁਮਾਰ ਘੱਗਾ, ਪਵਨ ਸ਼ਾਸਤਰੀ, ਰਾਜਪਾਲ ਸਿੰਘ ਬੰਮਣਾ, ਡਾ. ਪ੍ਰੇਮਪਾਲ, ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਅਸ਼ਵਨੀ ਗੁਪਤਾ, ਮੈਂਬਰ ਰਾਜ ਕੁਮਾਰ ਟਿੰਕਾ, ਹਰਪ੍ਰੀਤ ਸਿੰਘ ਕੂਕਾ, ਰਾਮ ਕੁਮਾਰ ਸਿੰਗਲਾ, ਸੁਰਜੀਤ ਸਿੰਘ ਸਰਾਂਪੱਤੀ, ਸ਼ਿਆਮ ਸਿੰਗਲਾ, ਮੰਗਤ ਮਵੀ, ਕੁਲਦੀਪ ਦੀਪਾ, ਸੁਨੀਲ ਬੱਬਰ ਅਤੇ ਹੀਰਾ ਜੈਨ ਆਦਿਕ ਕਾਂਗਰਸ ਆਗੂਆਂ ਤੋਂ ਇਲਾਵਾ ਵੱਡੀ ਗਿਣਤੀ ਵਿਚ ਕਾਂਗਰਸ ਆਗੂ ਤੇ ਵਰਕਰ ਵੀ ਹਾਜ਼ਰ ਸਨ |