ਦੇਵੀਗੜ੍ਹ, 7 ਅਪ੍ਰੈਲ (ਰਾਜਿੰਦਰ ਸਿੰਘ ਮੌਜੀ)-ਦੇਵੀਗੜ੍ਹ-ਪਿਹੋਵਾ ਮੁੱਖ ਮਾਰਗ 'ਤੇ ਪੈਂਦੇ ਪਿੰਡ ਹਰੀਗੜ੍ਹ ਨੇੜੇ ਬੀਤੀ ਰਾਤ ਇਕ ਕਾਰ ਦੇ ਖੱਡ ਵਿਚ ਡਿੱਗਣ ਕਾਰਨ ਵਾਪਰੇ ਹਾਦਸੇ ਨੇ ਪ੍ਰਸ਼ਾਸਨਿਕ ਨੂੰ ਮੁੜ ਸਵਾਲਾਂ ਦੇ ਘੇਰੇ ਵਿਚ ਲਿਆ ਦਿੱਤਾ ਹੈ | ਇਸ ਘਟਨਾ ਦੀ ਸੂਚਨਾ ਮਿਲਦਿਆਂ ਹੀ ਹਲਕਾ ਇੰਚਾਰਜ ਅਤੇ ਰਣਜੋਧ ਸਿੰਘ ਹਡਾਣਾ ਨੇ ਤੁਰੰਤ ਮੌਕੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ ਅਤੇ ਸੰਬੰਧਤ ਵਿਭਾਗ ਦੇ ਅਧਿਕਾਰੀਆਂ ਦੀ ਖਿਚਾਈ ਕੀਤੀ | ਹਾਦਸੇ ਵਾਲੀ ਜਗ੍ਹਾ 'ਤੇ ਮੌਜੂਦ ਲੋਕਾਂ ਅਤੇ ਰਾਹਗੀਰਾਂ ਦੀਆਂ ਮੁਸ਼ਕਲਾਂ ਸੁਣਨ ਤੋਂ ਬਾਅਦ ਹਡਾਣਾ ਨੇ ਮੌਕੇ 'ਤੇ ਹੀ ਵਿਭਾਗੀ ਅਧਿਕਾਰੀਆਂ ਨੂੰ ਤਲਬ ਕੀਤਾ | ਉਨ੍ਹਾਂ ਸਪਸ਼ਟ ਸ਼ਬਦਾਂ ਵਿਚ ਹਦਾਇਤ ਕੀਤੀ ਕਿ ਇਸ ਤੰਗ ਪੁਲੀ ਨੂੰ ਚੌੜਾ ਕਰਨ ਦਾ ਕੰਮ ਅਗਲੇ 15 ਦਿਨਾਂ ਦੇ ਅੰਦਰ ਹਰ ਹਾਲ ਵਿਚ ਮੁਕੰਮਲ ਕੀਤਾ ਜਾਵੇ | ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇਕਰ ਕੰਮ ਵਿਚ ਕੋਈ ਵੀ ਦੇਰੀ ਹੋਈ ਤਾਂ ਸੰਬੰਧਿਤ ਠੇਕੇਦਾਰ ਦੇ ਨਾਲ-ਨਾਲ ਜ਼ਿੰਮੇਵਾਰ ਅਧਿਕਾਰੀਆਂ ਖ਼ਿਲਾਫ਼ ਵੀ ਸਖ਼ਤ ਅਨੁਸ਼ਾਸਨੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ | ਹਡਾਣਾ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਸੜਕ ਦੇ ਕਿਨਾਰਿਆਂ 'ਤੇ ਤੁਰੰਤ ਮਜ਼ਬੂਤ ਰੇਲਿੰਗ ਜਾਂ ਬੈਰੀਅਰ ਲਗਾਏ ਜਾਣ | ਰਾਤ ਦੇ ਸਮੇਂ ਸਫ਼ਰ ਸੁਰੱਖਿਅਤ ਬਣਾਉਣ ਲਈ ਰੇਡੀਅਮ ਸੰਕੇਤਕ ਅਤੇ ਲਾਈਟਾਂ ਦਾ ਤੁਰੰਤ ਪ੍ਰਬੰਧ ਕੀਤਾ ਜਾਵੇ | ਨਿਰਮਾਣ ਅਧੀਨ ਵਾਲੀ ਥਾਂ 'ਤੇ ਪੁਖ਼ਤਾ ਚੇਤਾਵਨੀ ਬੋਰਡ ਲਗਾਏ ਜਾਣ ਤਾਂ ਜੋ ਅਜਿਹੇ ਹਾਦਸੇ ਦੁਬਾਰਾ ਨਾ ਵਾਪਰਨ | ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰਣਜੋਧ ਸਿੰਘ ਹਡਾਣਾ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਦੀ ਲਾਪਰਵਾਹੀ ਕਾਰਨ ਹਲਕੇ ਵਿੱਚ ਕਈ ਅਜਿਹੇ ਖ਼ਤਰਨਾਕ ਬਲੈਕ ਸਪਾਟ ਬਣੇ ਹੋਏ ਹਨ | ਉਨ੍ਹਾਂ ਕਿਹਾ, ਮਾਨ ਸਰਕਾਰ ਲੋਕਾਂ ਦੀ ਸੁਰੱਖਿਆ ਲਈ ਵਚਨਬੱਧ ਹੈ | ਇਸ ਪੁਲੀ ਦਾ ਕੰਮ ਕੁਝ ਦਿਨ ਪਹਿਲਾਂ ਸਾਡੇ ਯਤਨਾਂ ਸਦਕਾ ਸ਼ੁਰੂ ਹੋਇਆ ਸੀ, ਜਿਸ ਨੂੰ ਹੁਣ ਜਲਦੀ ਨੇਪਰੇ ਚਾੜਿ੍ਹਆ ਜਾਵੇਗਾ | ਇਸ ਮੌਕੇ ਪਿੰਡ ਹਰੀਗੜ੍ਹ ਅਤੇ ਆਸ-ਪਾਸ ਦੇ ਇਲਾਕਾ ਨਿਵਾਸੀਆਂ ਨੇ ਹਡਾਣਾ ਦੇ ਇਸ ਤੇਜ਼-ਤਰਾਰ ਐਕਸ਼ਨ ਦੀ ਸ਼ਲਾਘਾ ਕੀਤੀ | ਇਸ ਮੌਕੇ ਚੇਅਰਮੈਨ ਬਲਦੇਵ ਸਿੰਘ ਦੇਵੀਗੜ੍ਹ, ਸਰਪੰਚ ਨਰਿੰਦਰ ਸਿੰਘ ਭਿੰਡਰ, ਜਗਜੀਵਨ ਸਿੰਘ ਸਰਪੰਚ, ਨਰਿੰਦਰ ਸਿੰਘ ਰੌਹੜ ਜਗੀਰ,ਜਗਮੀਤ ਸਿੰਘ, ਗੁਰਸੇਵਕ ਸਿੰਘ, ਮਲਕੀਤ ਸਿੰਘ, ਹਰਵਿੰਦਰ ਸਿੰਘ ਅਤੇ ਲਾਲੀ ਹਰੀਗੜ੍ਹ ਹਾਜ਼ਰ ਸਨ |