ਸੜਕ 'ਤੇ ਲਾਸ਼ ਰੱਖ ਕੇ ਧਰਨਾ ਦੇ ਰਹੇ ਧਰਨਾਕਾਰੀਆਂ ਵਲੋਂ ਸੰਘਰਸ਼ ਤੇਜ਼ ਕਰਨ ਦੀ ਚਿਤਾਵਨੀ
ਅਜੀਤ ਡੈਸਕ
09-04-2026
ਪਾਤੜਾਂ, 8 ਅਪ੍ਰੈਲ (ਜਗਦੀਸ਼ ਸਿੰਘ ਕੰਬੋਜ)-ਪਾਤੜਾਂ ਦੇ ਨੇੜਲੇ ਪਿੰਡ ਹਾਮਝੇੜੀ ਦੇ ਰਹਿਣ ਵਾਲੇ ਵਿਅਕਤੀ ਵਲੋਂ ਕੀਤੀ ਗਈ ਖ਼ੁਦਕੁਸ਼ੀ ਮਗਰੋਂ ਮੁੱਖ ਦੋਸ਼ੀ ਦੇ ਗਿ੍ਫ਼ਤਾਰੀ ਲਈ ਲਾਸ਼ ਸੜਕ 'ਤੇ ਰੱਖ ਕੇ ਮਿ੍ਤਕ ਦੇ ਪਰਿਵਾਰ ਵਲੋਂ ਧਰਨਾ ਦਿੱਤਾ ਜਾ ਰਿਹਾ ਹੈ | ਇਸ ਦੇ ਬਾਵਜੂਦ ਪ੍ਰਸ਼ਾਸਨ ਵਲੋਂ ਉਨ੍ਹਾਂ ਦੀ ਕੋਈ ਸਾਰ ਨਾ ਲਏ ਜਾਣ ਦੇ ਦੋਸ਼ ਲਾ ਰਹੀ ਧਰਨੇ ਦੀ ਅਗਵਾਈ ਕਰ ਰਹੀ 10 ਮੈਂਬਰੀ ਕਮੇਟੀ ਨੇ ਸੰਘਰਸ਼ ਨੂੰ ਹੋਰ ਤੇਜ਼ ਕੀਤੇ ਜਾਣ ਦੀ ਚਿਤਾਵਨੀ ਦਿੱਤੀ ਹੈ | ਧਰਨੇ ਦੀ ਅਗਵਾਈ ਕਰ ਰਹੀ 10 ਮੈਂਬਰੀ ਕਮੇਟੀ ਦੇ ਆਗੂ ਡਾ. ਜਤਿੰਦਰ ਮੱਟੂ ਨੇ ਦੱਸਿਆ ਕਿ ਮਿ੍ਤਕ ਬਲਜਿੰਦਰ ਸਿੰਘ ਦੀ ਮੌਤ ਕੋਈ ਜ਼ਹਿਰੀਲੀ ਦਵਾਈ ਪੀ ਲੈਣ ਨਾਲ 3 ਅਪ੍ਰੈਲ ਨੂੰ ਹੋਈ ਸੀ | ਬਲਜਿੰਦਰ ਸਿੰਘ ਨੇ ਮਰਨ ਤੋਂ ਪਹਿਲਾਂ ਵੀਡੀਓ ਬਣਾ ਕੇ ਉਸ ਨੂੰ ਮਰਨ ਤੋਂ ਮਜਬੂਰ ਕਰਨ ਵਾਲਿਆਂ ਦੇ ਨਾਮ ਲਏ ਸਨ ਪੁਲਿਸ ਨੇ ਇਨ੍ਹਾਂ ਵਿਚੋਂ 5 ਦੇ ਖ਼ਿਲਾਫ਼ ਕੇਸ ਦਰਜ ਕਰ ਕੇ ਕੁੱਝ ਨੂੰ ਗਿ੍ਫ਼ਤਾਰ ਕੀਤੇ ਜਾਣ ਦਾ ਦਾਅਵਾ ਕੀਤਾ ਸੀ ਪਰ ਮੁੱਖ ਦੋਸ਼ੀ ਨੂੰ ਗਿ੍ਫ਼ਤਾਰ ਨਾਂ ਕੀਤੇ ਜਾਣ ਕਾਰਨ ਪਰਿਵਾਰ ਵਲੋਂ ਲਾਸ਼ ਨੂੰ ਪਿੰਡ ਵਿਚ ਰੱਖ ਕੇ ਰੋਸ ਜ਼ਾਹਿਰ ਕੀਤਾ ਜਾ ਰਿਹਾ ਸੀ | ਉਨ੍ਹਾਂ ਕਿਹਾ ਕਿ ਸੱਤਾ ਧਿਰ ਦੇ ਇਕ ਆਗੂ ਨਾਲ ਹਮੇਸ਼ਾ ਨਾਲ ਰਹਿੰਦੇ ਇਸ ਦੋਸ਼ੀ ਨੂੰ ਨਾ ਗਿ੍ਫ਼ਤਾਰ ਨਾ ਕੀਤੇ ਜਾਣ 'ਤੇ 7 ਅਪ੍ਰੈਲ ਤੋਂ ਜਥੇਬੰਦੀਆਂ ਵਲੋਂ ਲਾਸ਼ ਨੂੰ ਸੜਕ 'ਤੇ ਰੱਖ ਕੇ ਦਿਨ ਰਾਤ ਦਾ ਧਰਨਾ ਜਾਰੀ ਹੈ | ਡਾ. ਜਤਿੰਦਰ ਮੱਟੂ ਨੇ ਕਿਹਾ ਕਿ ਜੇਕਰ ਪੁਲਿਸ ਮੁੱਖ ਦੋਸ਼ੀ ਫੜਨਾ ਚਾਹੁੰਦੀ ਹੈ ਤਾਂ ਜਿਸ ਸੱਤਾਧਾਰੀ ਆਗੂ ਨਾਲ ਮੁੱਖ ਦੋਸ਼ੀ ਰਹਿੰਦਾ ਸੀ ਉਸ ਰਾਹੀਂ ਉਸ ਨੂੰ ਕਿਉਂ ਨਹੀਂ ਫੜਿਆ ਜਾ ਰਿਹਾ | ਭਾਜਪਾ ਦੇ ਹਲਕਾ ਇੰਚਾਰਜ ਨਰਾਇਣ ਨਰਸੋਤ ਨੇ ਕਿਹਾ ਕਿ ਆਪ ਸਰਕਾਰ ਦੇ ਰਾਜ ਵਿਚ ਲੋਕਾਂ ਦੀ ਕੋਈ ਸੁਣਵਾਈ ਨਹੀਂ ਹੋ ਰਹੀ ਜਿਸ ਕਰਕੇ ਲੋਕਾਂ ਨੂੰ ਲਾਸ਼ ਨੂੰ ਸੜਕਾਂ 'ਤੇ ਰੱਖ ਕੇ ਬਹਿਣ ਲਈ ਮਜਬੂਰ ਹੋਣਾ ਪੈ ਰਿਹਾ ਹੈ | ਇਸ ਮੌਕੇ ਨਿਹੰਗ ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਕਰਮਜੀਤ ਸਿੰਘ, ਸਾਬਕਾ ਸਰਪੰਚ ਮੋਹਣ ਸਿੰਘ, ਸਾਬਕਾ ਸਰਪੰਚ ਤਰਸੇਮ ਚੰਦ ਹਾਮਝੇੜੀ ਤੋਂ ਇਲਾਵਾ ਹੋਰ ਬਹੁਤ ਸਾਰੇ ਆਗੂ ਮੌਜੂਦ ਸਨ |