ਪਾਤੜਾਂ, 8 ਅਪ੍ਰੈਲ (ਜਗਦੀਸ ਸਿੰਘ ਕੰਬੋਜ)-ਸ਼ਹਿਰ 'ਚ ਹੋ ਰਹੀਆਂ ਚੋਰੀਆਂ ਦੀਆਂ ਵਾਰਦਾਤਾਂ ਲਗਾਤਾਰ ਵਧਦੀਆਂ ਜਾ ਰਹੀਆਂ ਹਨ | ਤਾਜ਼ਾ ਮਾਮਲੇ ਵਿਚ ਪਾਤੜਾਂ ਦੇ ਇਕ ਸੋਨਾ-ਚਾਂਦੀ ਦੀ ਦੁਕਾਨ ਨੂੰ ਚੋਰਾਂ ਨੇ ਨਿਸ਼ਾਨਾ ਬਣਾਉਂਦੇ ਹੋਏ ਲੱਖਾਂ ਰੁਪਏ ਦੀ ਚਾਂਦੀ ਚੋਰੀ ਕੀਤੀ ਹੈ | ਇਹ ਸਾਰੀ ਵਾਰਦਾਤ ਦੁਕਾਨ 'ਚ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਵਿਚ ਕੈਦ ਹੋ ਗਈ ਹੈ | ਲਵਲੀ ਸੁਨਿਆਰੇ ਦੇ ਮਾਲਕ ਗੁਰਦੀਪ ਸਿੰਘ ਨੇ ਦੱਸਿਆ ਕਿ ਜਦੋਂ ਉਹ ਅੱਜ ਦੁਕਾਨ ਖੋਲ੍ਹਣ ਪਹੁੰਚੇ ਤਾਂ ਉਨ੍ਹਾਂ ਨੇ ਦੇਖਿਆ ਕਿ ਕੰਧ ਵਿਚ ਪਾੜ ਪਿਆ ਹੋਇਆ ਸੀ ਅਤੇ ਦੁਕਾਨ ਦਾ ਸਾਮਾਨ ਖਿੱਲਰਿਆ ਪਿਆ ਸੀ | ਕਾਊਾਟਰ 'ਚੋਂ ਚਾਂਦੀ ਦੇ ਗਹਿਣੇ ਅਤੇ ਮੂਰਤੀਆਂ ਗ਼ਾਇਬ ਸਨ | ਸੀ.ਸੀ.ਟੀ.ਵੀ. ਕੈਮਰੇ ਦੇਖਣ ਤੋਂ ਪਤਾ ਲੱਗਿਆ ਕਿ ਰਾਤ ਕਰੀਬ 12 ਵਜੇ ਦੋ ਅਣਪਛਾਤੇ ਚੋਰ ਮੋਟਰਸਾਇਕਲ 'ਤੇ ਸਵਾਰ ਹੋ ਕੇ ਦੁਕਾਨ 'ਤੇ ਪਹੁੰਚੇ | ਉਨ੍ਹਾਂ ਨੇ ਪਹਿਲਾਂ ਦੁਕਾਨ ਦਾ ਬਾਹਰੀ ਜਿੰਦਰਾ ਤੋੜਿਆ ਅਤੇ ਫਿਰ ਕੰਧ 'ਚ ਪਾੜ ਪਾ ਕੇ ਦੁਕਾਨ ਅੰਦਰ ਦਾਖਲ ਹੋਏ | ਦੋਵੇਂ ਚੋਰਾਂ ਨੇ ਆਪਣੇ ਚਿਹਰੇ ਕੱਪੜਿਆਂ ਨਾਲ ਢਕੇ ਹੋਏ ਸਨ ਅਤੇ ਉਨ੍ਹਾਂ ਕੋਲ ਦੋ ਵੱਡੇ ਬੈਗ ਵੀ ਨਜ਼ਰ ਆ ਰਹੇ ਹਨ, ਜਿਨ੍ਹਾਂ ਵਿਚ ਗੈਸ ਕਟਰ ਅਤੇ ਹੋਰ ਔਜ਼ਾਰ ਮੌਜੂਦ ਸਨ | ਲਗਭਗ ਤਿੰਨ ਘੰਟੇ ਤੱਕ ਦੁਕਾਨ ਦੇ ਅੰਦਰ ਰਹੇ ਚੋਰਾਂ ਨੇ ਸੇਫ਼ ਨੂੰ ਗੈਸ ਕਟਰ ਨਾਲ ਕੱਟਣ ਦੀ ਕੋਸ਼ਿਸ਼ ਕੀਤੀ ਪਰ ਉਹ ਇਸ ਨੂੰ ਖੋਲ੍ਹਣ ਵਿਚ ਕਾਮਯਾਬ ਨਹੀਂ ਹੋ ਸਕੇ, ਬਾਅਦ 'ਚ ਉਨ੍ਹਾਂ ਨੇ ਕਾਊਾਟਰ ਵਿਚ ਪਏ ਚਾਂਦੀ ਦੇ ਗਹਿਣੇ ਅਤੇ ਮੂਰਤੀਆਂ ਚੋਰੀ ਕਰ ਲਈਆਂ ਅਤੇ ਚੋਰੀ ਹੋਈ ਚਾਂਦੀ ਦੀ ਕੀਮਤ ਲਗਭਗ 16 ਲੱਖ ਰੁਪਏ ਦੇ ਲਗਭਗ ਬਣਦੀ ਹੈ | ਘਟਨਾ ਦੀ ਸੂਚਨਾ ਮਿਲਦੇ ਹੀ ਮੌਕੇ 'ਤੇ ਪਹੁੰਚੀ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਸੀ.ਸੀ.ਟੀ.ਵੀ. ਫੁਟੇਜ ਆਪਣੇ ਕਬਜ਼ੇ ਵਿਚ ਲੈ ਕੇ ਦੋਸ਼ੀਆਂ ਦੀ ਪਛਾਣ ਲਈ ਕੋਸ਼ਿਸ਼ਾਂ ਤੇਜ਼ ਕਰ ਦਿੱਤੀਆਂ ਗਈਆਂ ਹਨ | ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਮਾਮਲੇ ਦੀ ਗਹਿਰਾਈ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਜਲਦ ਹੀ ਦੋਸ਼ੀਆਂ ਨੂੰ ਕਾਬੂ ਕਰ ਲਿਆ ਜਾਵੇਗਾ |