ਸਮਾਣਾ, 9 ਅਪ੍ਰੈਲ (ਹਰਵਿੰਦਰ ਸਿੰਘ ਟੋਨੀ)-ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਸੂਬੇ ਦੀਆਂ ਮੰਡੀਆਂ ਦੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ, ਆਧੁਨਿਕ ਤਕਨੀਕਾਂ ਨਾਲ ਜੋੜਨ ਅਤੇ ਕਿਸਾਨਾਂ ਦੀ ਸਹੂਲਤ ਲਈ ਵਿਸ਼ੇਸ਼ ਪੱਧਰ 'ਤੇ ਕਾਰਜ ਕੀਤੇ ਜਾ ਰਹੇ ਹਨ | ਇਸੇ ਲੜੀ ਤਹਿਤ ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਹਰਚੰਦ ਸਿੰਘ ਬਰਸਟ ਵਲੋਂ ਅਨਾਜ ਮੰਡੀ, ਸਮਾਣਾ ਵਿਖੇ ਵੱਖ-ਵੱਖ ਵਿਕਾਸ ਕਾਰਜਾਂ ਦਾ ਨੀਂਹ ਪੱਥਰ ਰੱਖਿਆ ਗਿਆ ਅਤੇ ਉਦਘਾਟਨ ਕੀਤਾ ਗਿਆ, ਜਿਸ ਦੀ ਕੁੱਲ ਲਾਗਤ ਕਰੀਬ 4 ਕਰੋੜ ਰੁਪਏ ਹੈ | ਇਸ ਦੇ ਨਾਲ ਹੀ ਬਰਸਟ ਨੇ ਕਣਕ ਦੀ ਸਰਕਾਰੀ ਖ਼ਰੀਦ ਵੀ ਸ਼ੁਰੂ ਕਰਵਾਈ ਅਤੇ ਮੰਡੀ ਦਾ ਦੌਰਾ ਕਰਕੇ ਖ਼ਰੀਦ ਪ੍ਰਬੰਧਾਂ ਦਾ ਜਾਇਜ਼ਾ ਲਿਆ | ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਕਿਸਾਨਾਂ, ਆੜ੍ਹਤੀਆਂ ਅਤੇ ਮਜ਼ਦੂਰਾਂ ਦੀ ਭਲਾਈ ਲਈ ਵਚਨਬੱਧ ਹੈ | ਉਨ੍ਹਾਂ ਦੱਸਿਆ ਕਿ ਸਮਾਣਾ ਮੰਡੀ ਵਿਖੇ ਸਟੀਲ ਕਵਰ ਸ਼ੈੱਡ ਦਾ ਕੰਮ ਪੂਰਾ ਹੋ ਚੁੱਕਾ ਹੈ, ਜਿਸ ਨਾਲ ਬਾਰਸ਼ ਅਤੇ ਖ਼ਰਾਬ ਮੌਸਮ ਦੌਰਾਨ ਕਿਸਾਨਾਂ ਦੀ ਫ਼ਸਲ ਨੂੰ ਭਿੱਜਣ ਤੋਂ ਬਚਾਇਆ ਜਾ ਸਕੇਗਾ | ਇਸ ਦੇ ਨਾਲ ਹੀ ਮੰਡੀ ਵਿਚ ਰੂਫ ਟੌਪ ਸੋਲਰ ਪਾਵਰ ਪਲਾਂਟ ਵੀ ਲਗਾਇਆ ਹੈ | ਇਸ ਨਾਲ ਜਿੱਥੇ ਮੰਡੀ ਵਿਚ ਬਿਜਲੀ ਲਾਗਤ ਘਟੇਗੀ, ਉੱਥੇ ਹੀ ਲੰਬੇ ਸਮੇਂ ਦੌਰਾਨ ਸਰਕਾਰੀ ਖ਼ਰਚ ਵਿਚ ਵੀ ਮਹੱਤਵਪੂਰਨ ਕਮੀ ਆਵੇਗੀ | ਉਨ੍ਹਾਂ ਦੱਸਿਆ ਕਿ ਅਨਾਜ ਮੰਡੀ ਸਮਾਣਾ ਵਿਖੇ ਜਿੱਥੇ ਮੰਡੀ ਦੀ ਚਾਰ ਦੀਵਾਰੀ ਕੀਤੀ ਜਾਵੇਗੀ, ਉੱਥੇ ਹੀ ਨਵੇਂ ਟੁਆਇਲਟ ਬਲਾਕ ਦੀ ਉਸਾਰੀ ਵੀ ਕੀਤੀ ਜਾਵੇਗੀ | ਸਬਜ਼ੀ ਮੰਡੀ ਵਿਚ ਸ਼ੈੱਡਾਂ ਦੀ ਫਾਲਸ ਸੀਲਿੰਗ ਲਗਾਈ ਜਾਵੇਗੀ | ਹਾੜ੍ਹੀ ਸੀਜ਼ਨ 2026-27 ਬਾਰੇ ਜਾਣਕਾਰੀ ਦਿੰਦਿਆਂ ਚੇਅਰਮੈਨ ਨੇ ਦੱਸਿਆ ਕਿ ਮੰਡੀਆਂ ਵਿਚ ਕਣਕ ਦੀ ਖ਼ਰੀਦ ਪ੍ਰਕਿ੍ਆ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ | ਸੂਬੇ ਦੀਆਂ ਮੰਡੀਆਂ ਵਿਚ 8 ਅਪ੍ਰੈਲ ਤੱਕ 13689 ਮੀਟਰਿਕ ਟਨ ਕਣਕ ਦੀ ਆਮਦ ਹੋ ਚੁੱਕੀ ਹੈ, ਜਿਸ ਵਿਚੋਂ 8124 ਮੀਟਰਿਕ ਟਨ ਕਣਕ ਦੀ ਫ਼ਸਲ ਦੀ ਖ਼ਰੀਦ ਹੋ ਚੁੱਕੀ ਹੈ | ਇਸ ਮੌਕੇ ਤਰਸੇਮ ਗੋਇਲ ਸਾਬਕਾ ਪ੍ਰਧਾਨ ਆੜ੍ਹਤੀ ਐਸੋਸੀਏਸ਼ਨ ਸਮਾਣਾ, ਐਡਵੋਕੇਟ ਗੁਲਜ਼ਾਰ ਸਿੰਘ ਵਿਰਕ, ਜਸਬੀਰ ਸਿੰਘ ਜ਼ਿਲ੍ਹਾ ਪਰਿਸ਼ਦ ਮੈਂਬਰ, ਸ਼ਾਮ ਲਾਲ ਦੱਤ ਮੈਂਬਰ ਮੰਡੀ ਬੋਰਡ, ਵੀਰ ਦਵਿੰਦਰ ਸਿੰਘ ਸਰਪੰਚ ਖੇੜੀ ਭੀਮਾ, ਰਾਮ ਸਿੰਘ ਸਰਪੰਚ ਫ਼ਤਿਹਪੁਰ, ਨਰਿੰਦਰ ਸਿੰਘ ਸਰਪੰਚ ਬਰਸਟ, ਰਾਜਵੀਰ ਸਰਪੰਚ ਬਲਮਗੜ, ਸਰਬਜੀਤ ਸਿੰਘ ਸਰਪੰਚ ਗਾਜੇਵਾਸ, ਸੋਮੀ ਸਰਪੰਚ ਤਰਖਾਣਮਾਜਰਾ, ਐਡਵੋਕੇਟ ਹਰਤੇਜ ਸੰਧੂ, ਜਤਿੰਦਰਪਾਲ ਸਿੰਘ ਸਕੱਤਰ ਮਾਰਕੀਟ ਕਮੇਟੀ ਸਮਾਣਾ ਸਮੇਤ ਮੰਡੀ ਬੋਰਡ ਦੇ ਅਧਿਕਾਰੀ, ਕਰਮਚਾਰੀ ਅਤੇ ਵੱਡੀ ਗਿਣਤੀ ਵਿਚ ਇਲਾਕਾ ਵਾਸੀ ਮੌਜੂਦ ਰਹੇ |