ਘਨੌਰ, 10 ਅਪ੍ਰੈਲ (ਸਰਦਾਰਾ ਸਿੰਘ ਲਾਛੜੂ)-ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਹਲਕਾ ਘਨੌਰ ਦੇ ਸਾਬਕਾ ਵਿਧਾਇਕਾ ਬੀਬੀ ਹਰਪ੍ਰੀਤ ਕੌਰ ਮੁਖਮੈਲਪੁਰ ਨੂੰ ਪਾਰਟੀ ਵਿਚ ਅਹਿਮ ਜ਼ਿੰਮੇਵਾਰੀ ਸੌਂਪਦਿਆਂ ਸੀਨੀਅਰ ਮੀਤ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ | ਇਸ ਮੌਕੇ 'ਤੇ ਉਨ੍ਹਾਂ ਨਾਲ ਉਨ੍ਹਾਂ ਦੀ ਪੁੱਤਰੀ ਡਾ. ਪ੍ਰਨੀਤ ਕੌਰ ਮੁਖਮੈਲਪੁਰ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ | ਇਸ ਨਿਯੁਕਤੀ ਤੋਂ ਬਾਅਦ ਇਲਾਕੇ ਦੇ ਵਰਕਰਾਂ ਅਤੇ ਪਿੰਡ ਵਾਸੀਆਂ ਵਿਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ | ਇਸੇ ਸੰਬੰਧ ਵਿਚ ਅੱਜ ਪਿੰਡ ਸਰਾਲਾ ਕਲਾਂ ਵਿਖੇ ਪਿੰਡ ਦੇ ਸਰਪੰਚ ਅਤੇ ਮੁਹਤਬਰ ਸ਼ਖ਼ਸੀਅਤਾਂ ਵਲੋਂ ਬੀਬੀ ਮੁਖਮੈਲਪੁਰ ਦਾ ਵਿਸ਼ੇਸ਼ ਤੌਰ 'ਤੇ ਸਨਮਾਨ ਕੀਤਾ ਗਿਆ | ਬੀਬੀ ਮੁਖਮੈਲਪੁਰ ਦੇ ਗ੍ਰਹਿ ਵਿਖੇ ਹੋਈ ਇਸ ਮੁਲਾਕਾਤ ਦੌਰਾਨ ਪਿੰਡ ਵਾਸੀਆਂ ਨੇ ਖ਼ੁਸ਼ੀ ਦਾ ਇਜ਼ਹਾਰ ਕਰਦਿਆਂ ਕਿਹਾ ਕਿ ਬੀਬੀ ਹਰਪ੍ਰੀਤ ਕੌਰ ਦੀ ਮਿਹਨਤ ਅਤੇ ਪਾਰਟੀ ਪ੍ਰਤੀ ਵਫ਼ਾਦਾਰੀ ਨੂੰ ਦੇਖਦੇ ਹੋਏ ਹਾਈਕਮਾਂਡ ਨੇ ਇਹ ਸਹੀ ਫ਼ੈਸਲਾ ਲਿਆ ਹੈ | ਇਸ ਮੌਕੇ ਬੀਬੀ ਹਰਪ੍ਰੀਤ ਕੌਰ ਮੁਖਮੈਲਪੁਰ ਨੇ ਪਾਰਟੀ ਪ੍ਰਧਾਨ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਸੌਂਪੀ ਗਈ ਇਸ ਜ਼ਿੰਮੇਵਾਰੀ ਨੂੰ ਪੂਰੀ ਤਨਦੇਹੀ ਨਾਲ ਨਿਭਾਉਣਗੇ ਅਤੇ ਪਾਰਟੀ ਦੀ ਮਜ਼ਬੂਤੀ ਲਈ ਦਿਨ-ਰਾਤ ਕੰਮ ਕਰਨਗੇ | ਇਸ ਮੌਕੇ ਅਵਤਾਰ ਸਿੰਘ ਕਪੂਰੀ ਚੇਅਰਮੈਨ, ਗੁਰਦੀਪ ਸਿੰਘ ਸਰਪੰਚ, ਸਰਾਲਾ ਕਲਾ, ਧੰਨਾ ਸਿੰਘ ਹਰਪਾਲਾ, ਸਿਮਰਕਾਰ ਸਿੰਘ ਸਰਪੰਚ ਰਾਮਪੁਰ, ਸਾਗਰ ਸਿੰਘ ਸਰਪੰਚ, ਸੇਵਾ ਸਿੰਘ, ਜਗਮੇਲ ਸਿੰਘ, ਗੁਰਦੀਪ ਸਿੰਘ, ਲਖਵੀਰ ਸਿੰਘ, ਸੁਖਵਿੰਦਰ ਸਿੰਘ, ਅਵਤਾਰ ਸਿੰਘ, ਧਰਮਪਾਲ ਸਿੰਘ, ਹਰਜਿੰਦਰ ਸਿੰਘ, ਤੇਜਿੰਦਰ ਸਿੰਘ, ਅਜਾਇਬ ਸਿੰਘ ਮੰਡੋਲੀ ਸਰਕਲ ਪ੍ਰਧਾਨ, ਇਕਬਾਲ ਸਿੰਘ, ਅਸ਼ੋਕ ਕੁਮਾਰ ਸਰਾਲਾ ਕਲਾਂ ਤੇ ਸਮੂਹ ਆਗੂਆਂ ਨੇ ਵਿਸ਼ਵਾਸ ਦਿਵਾਇਆ ਕਿ ਉਹ ਆਉਣ ਵਾਲੀਆਂ ਚੋਣਾਂ ਵਿਚ ਪਾਰਟੀ ਦੀ ਜਿੱਤ ਯਕੀਨੀ ਬਣਾਉਣ ਲਈ ਇਕਜੁੱਟ ਹੋ ਕੇ ਕੰਮ ਕਰਨਗੇ |