ਰਾਜਪੁਰਾ, 16 ਅਪ੍ਰੈਲ (ਰਣਜੀਤ ਸਿੰਘ)-ਇੱਥੋਂ ਦੇ ਨਗਰ ਕੌਂਸਲ ਦਾ ਕਾਰਜ ਕਾਲ ਖ਼ਤਮ ਹੋ ਗਿਆ ਹੈ | ਪੰਜਾਬ ਸਰਕਾਰ ਦੇ ਹੁਕਮਾਂ ਮੁਤਾਬਿਕ ਹੁਣ ਇੱਥੇ ਪ੍ਰਬੰਧਕ ਲਾ ਦਿੱਤਾ ਗਿਆ ਹੈ ਅਤੇ ਨਗਰ ਕੌਂਸਲ ਦਾ ਕੰਮ ਕਾਰ ਹੁਣ ਐੱਸ.ਡੀ.ਐਮ. ਰਾਜਪੁਰਾ ਨਗਨ ਮੜਕਣ ਦੇ ਹਵਾਲੇ ਕਰ ਦਿੱਤਾ ਗਿਆ ਹੈ | ਜਾਣਕਾਰੀ ਮੁਤਾਬਿਕ ਸਾਲ 2021 ਵਿਚ ਨਗਰ ਕੌਂਸਲ ਦੀਆਂ ਚੋਣਾਂ ਹੋਈਆਂ ਸਨ | ਇਸ ਤੋਂ ਬਾਅਦ ਕਾਂਗਰਸ ਪਾਰਟੀ ਦੇ ਨਰਿੰਦਰ ਸ਼ਾਸਤਰੀ ਨੂੰ ਬਤੌਰ ਨਗਰ ਕੌਂਸਲ ਦੇ ਪ੍ਰਧਾਨ ਬਣਾਇਆ ਗਿਆ ਸੀ ਪਰ ਉਹ ਉਨ੍ਹਾਂ ਦਾ ਕਾਰਜ ਕਾਲ ਖ਼ਤਮ ਹੋ ਗਿਆ ਹੈ | ਇਸ ਲਈ ਅਗਲੇ ਹੁਕਮਾਂ ਤੱਕ ਐੱਸ.ਡੀ.ਐਮ. ਨਮਨ ਮੜਕਣ ਹੁਣ ਬਤੌਰ ਪ੍ਰਬੰਧਕ ਕੰਮ ਕਾਰ ਕਰਨਗੇ | ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਨਮਨ ਮੜਕਣ ਨੇ ਦੱਸਿਆ ਕਿ ਸਾਡੀ ਪਹਿਲ ਇਸ ਗੱਲ ਨੂੰ ਯਕੀਨੀ ਬਣਾਉਣਾ ਹੋਵੇਗੀ ਕਿ ਨਗਰ ਕੌਂਸਲ ਦੇ ਭੰਗ ਹੋ ਜਾਣ 'ਤੇ ਸ਼ਹਿਰ ਦੇ ਵਿਕਾਸ ਦੇ ਕੰਮਾਂ ਵਿਚ ਕੋਈ ਰੁਕਾਵਟ ਨਾ ਆਵੇ | ਸ਼ਹਿਰ ਵਾਸੀਆਂ ਨੂੰ ਮਿਲਣ ਵਾਲੀਆਂ ਬੁਨਿਆਦੀ ਸਹੂਲਤਾਂ ਜਿਵੇਂ ਕਿ ਸਾਫ਼ ਪਾਣੀ, ਸਾਫ਼ ਸਫ਼ਾਈ, ਗਲੀਆਂ ਨਾਲੀਆਂ ਦੀ ਸਫ਼ਾਈ ਅਤੇ ਸਟਰੀਟ ਲਾਈਟਾਂ ਦਾ ਕੰਮ ਪਹਿਲਾਂ ਵਾਂਗ ਹੀ ਨਿਰੰਤਰ ਜਾਰੀ ਰਹੇਗਾ | ਉਨ੍ਹਾਂ ਨੇ ਕਿਹਾ ਕਿ ਨਗਰ ਕੌਂਸਲ ਦੇ ਹਰ ਕੰਮ ਵਿਚ ਪੂਰੀ ਪਾਰਦਰਸ਼ਤਾ ਵਰਤੀ ਜਾਵੇਗੀ | ਉਨ੍ਹਾਂ ਨੇ ਕਿਹਾ ਕਿ ਕਿਸੇ ਵੀ ਕਿਸਮ ਦੇ ਭਿ੍ਸ਼ਟਾਚਾਰ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ | ਉਨ੍ਹਾਂ ਨੇ ਕਿਹਾ ਕਿ ਅਗਲੀਆਂ ਚੋਣਾਂ ਸੰਬੰਧੀ ਸਰਕਾਰ ਵਲੋਂ ਨੋਟੀਫ਼ਿਕੇਸ਼ਨ ਜਾਰੀ ਹੋਵੇਗਾ ਅਤੇ ਪ੍ਰਸ਼ਾਸਨ ਅਮਨ ਅਮਾਨ ਅਤੇ ਪਾਰਦਰਸ਼ਤਾ ਨਾਲ ਚੋਣਾਂ ਕਰਵਾਉਣ ਲਈ ਪੂਰੀ ਤਰਾਂ ਨਾਲ ਤਿਆਰ ਹੈ | ਉਨ੍ਹਾਂ ਨੇ ਸਾਰੇ ਅਧਿਕਾਰੀਆਂ ਅਤੇ ਸਟਾਫ਼ ਨੂੰ ਅਪੀਲ ਕੀਤੀ ਕਿ ਉਹ ਸ਼ਹਿਰ ਦੀ ਬਿਹਤਰੀ ਲਈ ਪ੍ਰਸ਼ਾਸਨ ਨੂੰ ਸਹਿਯੋਗ ਦੇਣ | ਇਸ ਮੌਕੇ 'ਤੇ ਨਗਰ ਕੌਂਸਲ ਦੇ ਸਮੂਹ ਮੁਲਾਜਮਾਂ ਅਤੇ ਅਧਿਕਾਰੀਆਂ ਵਲੋਂ ਐੱਸ.ਡੀ..ਐਮ. ਨਮਨ ਮੜਕਣ ਨੂੰ ਜੀ ਆਇਆ ਨੂੰ ਆਖਿਆ ਗਿਆ ਅਤੇ ਫੁੱਲਾਂ ਦੇ ਬੁੱਕੇ ਦਿੱਤੇ ਗਏ |