ਭੁੱਨਰਹੇੜੀ, 16 ਅਪ੍ਰੈਲ (ਧਨਵੰਤ ਸਿੰਘ)-ਹਲਕਾ ਸਨੌਰ ਅੰਦਰ ਦੇਵੀਗੜ੍ਹ ਦਾ ਉਹ ਹਿੱਸਾ, ਜੋ ਹਰਿਆਣਾ ਬਾਰਡਰ ਨਾਲ ਲੱਗਦਾ ਹੈ | ਇਹ ਆਮ ਤੌਰ 'ਤੇ ''ਟਾਂਗਰੀ ਪਾਰ'' ਦੇ ਨਾਂ ਨਾਲ ਜਾਣਿਆ ਜਾਂਦਾ ਹੈ, ਇਸ ਵੇਲੇ ਕਿਸਾਨਾਂ ਲਈ ਬਿਜਲੀ ਦੀ ਘਾਟ ਵੱਡੀ ਸਮੱਸਿਆ ਹੈ | ਇਸ ਖੇਤਰ 'ਚ ਬਰਸੀਮ ਦੀ ਫਸਲ ਤਿਆਰ ਹੋ ਰਹੀ ਹੈ | ਖੇਤੀਬਾੜੀ ਲਈ ਬਿਜਲੀ ਸਪਲਾਈ ਦੀ ਘਾਟ ਕਰ ਦਿੱਤੀ ਗਈ ਹੈ, ਜਿਸ ਕਾਰਨ ਕਿਸਾਨਾਂ ਪ੍ਰੇਸ਼ਾਨ ਹਨ | ਖੇਤੀਬਾੜੀ ਇਸ ਇਲਾਕੇ ਦੀ ਮੁੱਖ ਆਰਥਿਕ ਰੀੜ੍ਹ ਦੀ ਹੱਡੀ ਹੈ ਅਤੇ ਇੱਥੇ ਉਗਾਈ ਜਾਣ ਵਾਲੀ ਬਰਸੀਮ ਦੀ ਫਸਲ ਬੀਜ ਤਿਆਰ ਕਰਨ ਦੇ ਹਿਸਾਬ ਨਾਲ ਖਾਸ ਮਹੱਤਵ ਰੱਖਦੀ ਹੈ | ਟਾਂਗਰੀ ਪਾਰ ਖੇਤਰ ਬਰਸੀਮ ਦੇ ਉੱਚ ਗੁਣਵੱਤਾ ਵਾਲੇ ਬੀਜ ਉਤਪਾਦਨ ਲਈ ਜਾਣਿਆ ਜਾਂਦਾ ਹੈ, ਜਿਸ ਨਾਲ ਕਈ ਕਿਸਾਨਾਂ ਦੀ ਰੋਜ਼ੀ-ਰੋਟੀ ਜੁੜੀ ਹੋਈ ਹੈ | ਬਰਸੀਮ ਦਾ ਬੀਜ ਤਿਆਰ ਕਰਨਾ ਇਕ ਨਾਜ਼ੁਕ ਅਤੇ ਸੰਵੇਦਨਸ਼ੀਲ ਪ੍ਰਕਿਰਿਆ ਹੈ, ਜਿਸ ਵਿਚ ਸਹੀ ਸਮੇਂ 'ਤੇ ਪਾਣੀ ਦੀ ਉਪਲਬਧਤਾ ਬਹੁਤ ਜ਼ਰੂਰੀ ਹੁੰਦੀ ਹੈ | ਖਾਸ ਕਰਕੇ ਗਰਮੀ ਦੇ ਮੌਸਮ ਵਿਚ, ਜਦੋਂ ਤਾਪਮਾਨ ਵੱਧ ਜਾਂਦਾ ਹੈ, ਫਸਲ ਨੂੰ ਸਮੇਂ-ਸਿਰ ਸਿੰਚਾਈ ਦੀ ਲੋੜ ਹੁੰਦੀ ਹੈ ਤਾਂ ਜੋ ਬੀਜ ਪੂਰੀ ਤਰ੍ਹਾਂ ਵਿਕਸਿਤ ਹੋ ਸਕੇ ਅਤੇ ਦਾਣਾ ਭਰਪੂਰ ਤੇ ਉੱਚ ਗੁਣਵੱਤਾ ਵਾਲਾ ਬਣੇ | ਕਿਸਾਨਾਂ ਦੇ ਮੁਤਾਬਕ ਪਹਿਲਾਂ ਖੇਤੀਬਾੜੀ ਲਈ ਬਿਜਲੀ ਸਪਲਾਈ ਨਿਯਮਿਤ ਅਤੇ ਦਿਨ ਦੇ ਸਮੇਂ ਮਿਲਦੀ ਸੀ | ਪਾਵਰਕੌਮ ਵਲੋਂ ਬਿਜਲੀ ਦੇ ਸਮੇਂ ਬਾਰੇ ਪਹਿਲਾਂ ਹੀ ਸੂਚਨਾ ਦਿੱਤੀ ਜਾਂਦੀ ਸੀ, ਜਿਸ ਨਾਲ ਕਿਸਾਨ ਆਪਣੀ ਸਿੰਜਾਈ ਦੀ ਯੋਜਨਾ ਸੁਚੱਜੇ ਢੰਗ ਨਾਲ ਬਣਾ ਲੈਂਦੇ ਸਨ | ਇਸ ਨਾਲ ਨਾ ਸਿਰਫ ਪਾਣੀ ਦੀ ਬਚਤ ਹੁੰਦੀ ਸੀ, ਸਗੋਂ ਫਸਲ ਦੀ ਉਪਜ ਸਹੀ ਢੁਕਵਾਂ ਪਾਣੀ ਦਿੱਤਾ ਜਾਂਦਾ ਰਿਹਾ ਪਰ ਹੁਣ ਮੌਜੂਦਾ ਸਮੇਂ ਹਾਲਾਤ ਬਦਲ ਚੁੱਕੇ ਹਨ | ਕਿਸਾਨਾਂ ਦਾ ਕਹਿਣਾ ਹੈ ਕਿ ਹੁਣ ਸਿਰਫ ਤਿੰਨ ਤੋਂ ਚਾਰ ਘੰਟੇ ਹੀ ਬਿਜਲੀ ਵੇਲੇ ਕੁਵੇਲੇ ਮਿਲ ਰਹੀ ਹੈ ਅਤੇ ਉਹ ਵੀ ਕਿਸੇ ਨਿਰਧਾਰਿਤ ਸਮਾਂਸਾਰਣੀ ਤੋਂ ਬਿਨਾਂ, ਕਈ ਵਾਰ ਬਿਜਲੀ ਰਾਤ ਦੇ ਦੇਰ ਸਮੇਂ ਆਉਂਦੀ ਹੈ ਜਾਂ ਬਿਨਾਂ ਸੂਚਨਾ ਦੇ ਚਲੀ ਜਾਂਦੀ ਹੈ, ਜਿਸ ਕਾਰਨ ਕਿਸਾਨਾਂ ਨੂੰ ਅਣਸੁਖਾਵੇਂ ਹਾਲਾਤਾਂ 'ਚ ਖੇਤਾਂ ਵਿਚ ਜਾ ਕੇ ਸਿੰਜਾਈ ਸਹੀ ਨਹੀਂ ਹੁੰਦੀ | ਇਹ ਨਾ ਸਿਰਫ ਔਖਾ ਹੈ, ਸਗੋਂ ਰਾਤ ਸਮੇਂ ਪਾਣੀ ਦੇਣਾ ਫਸਲ ਲਈ ਸੁਰੱਖਿਅਤ ਨਹੀਂ | ਇਸ ਅਣਨਿਯਮਿਤ ਅਤੇ ਘੱਟ ਬਿਜਲੀ ਸਪਲਾਈ ਕਾਰਨ ਬਰਸੀਮ ਦੇ ਬੀਜ ਦੀ ਤਿਆਰੀ ਪ੍ਰਕਿਰਿਆ ਪ੍ਰਭਾਵਿਤ ਹੋ ਰਹੀ ਹੈ | ਪਾਣੀ ਦੀ ਕਮੀ ਕਾਰਨ ਬੀਜ ਠੀਕ ਤਰ੍ਹਾਂ ਪੱਕ ਨਹੀਂ ਪਾ ਰਿਹਾ, ਜਿਸ ਨਾਲ ਉਪਜ ਘੱਟ ਹੋਣ ਦੇ ਨਾਲ-ਨਾਲ ਗੁਣਵੱਤਾ ਵਿਚ ਵੀ ਕਮੀ ਆ ਰਹੀ ਹੈ | ਇਸ ਨਾਲ ਕਿਸਾਨਾਂ ਦੀ ਆਮਦਨ 'ਤੇ ਵੀ ਅਸਰ ਪਵੇਗਾ | ਕਿਸਾਨਾਂ ਨੇ ਆਪਣੀ ਸਮੱਸਿਆ ਮੀਡੀਆ ਨਾਲ ਸਾਂਝੀ ਕਰਦਿਆਂ ਦਿਨ ਸਮੇ ਅੱਠ ਘੰਟੇ ਸਪਲਾਈ ਦੀ ਮੰਗ ਕੀਤੀ ਹੈ |