ਨਾਭਾ, 16 ਅਪ੍ਰੈਲ (ਜਗਨਾਰ ਸਿੰਘ ਦੁਲੱਦੀ)-ਡਾ. ਬੀ.ਆਰ. ਅੰਬੇਡਕਰ ਵੈੱਲਫੇਅਰ ਕਲੱਬ ਏਕਤਾ ਕਾਲੋਨੀ ਵਲੋਂ ਭਾਰਤੀ ਸੰਵਿਧਾਨ ਦੇ ਰਚੇਤਾ ਡਾ. ਭੀਮ ਰਾਓ ਅੰਬੇਦਕਰ ਦੇ ਜਨਮ ਦਿਹਾੜੇ ਮੌਕੇ ਲੋਕ ਜਾਗਰੂਕਤਾ ਸੈਮੀਨਾਰ ਕਰਵਾਇਆ ਗਿਆ, ਜਿਸ ਦੌਰਾਨ ਸਥਾਨਕ ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਜੱਸੀ ਸੋਹੀਆਂ ਵਾਲਾ ਵਲੋਂ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਗਈ | ਇਕੱਠ ਨੂੰ ਸੰਬੋਧਨ ਕਰਦਿਆਂ ਚੇਅਰਮੈਨ ਜੱਸੀ ਸੋਹੀਆਂ ਵਾਲਾ ਨੇ ਕਿਹਾ ਕਿ ਬਾਬਾ ਸਾਹਿਬ ਨੇ ਦੇਸ਼ ਦਾ ਭਵਿੱਖ ਬਣਾਉਣ ਲਈ ਇਕ ਵਧੀਆ ਸੰਵਿਧਾਨ ਬਣਾਇਆ, ਜਿਸ ਵਿਚ ਹਰ ਵਰਗ ਦੇ ਲੋਕਾਂ ਨੂੰ ਉਨ੍ਹਾਂ ਦੇ ਬਣਦੇ ਅਧਿਕਾਰ ਦਿੱਤੇ ਗਏ ਅਤੇ ਖ਼ਾਸਕਰ ਔਰਤਾਂ ਅਤੇ ਦਲਿਤ ਲੋਕਾਂ ਦੇ ਜੀਵਨ ਪੱਧਰ ਨੂੰ ਉੱਚਾ ਚੁੱਕਣ ਲਈ ਉਨ੍ਹਾਂ ਨੂੰ ਸੰਵਿਧਾਨ ਵਿਚ ਵਿਸ਼ੇਸ਼ ਦਰਜਾ ਦਿੱਤਾ ਗਿਆ | ਉਨ੍ਹਾਂ ਕਿਹਾ ਕਿ ਡਾ. ਅੰਬੇਦਕਰ ਸਮੁੱਚੇ ਦੇਸ਼ ਵਾਸੀਆਂ ਲਈ ਇਕ ਚਾਨਣ ਮੁਨਾਰਾ ਸਨ, ਇਸ ਲਈ ਸਾਨੂੰ ਚਾਹੀਦਾ ਹੈ ਕਿ ਅਸੀਂ ਉਨ੍ਹਾਂ ਦੇ ਜੀਵਨ ਤੋਂ ਸੇਧ ਲੈ ਕੇ ਉਨ੍ਹਾਂ ਦੇ ਸੰਦੇਸ਼ਾਂ 'ਤੇ ਅਮਲ ਕਰੀਏ ਅਤੇ ਸਾਨੂੰ ਪਿੰਡਾਂ ਤੇ ਸ਼ਹਿਰਾਂ ਵਿਚ ਲੋਕਾਂ ਨੂੰ ਜਾਗਰੂਕ ਕਰਨ ਲਈ ਇਹੋ ਜਿਹੇ ਸੈਮੀਨਾਰ ਕਰਵਾਉਣੇ ਚਾਹੀਦੇ ਹਨ | ਸੈਮੀਨਾਰ ਦੌਰਾਨ ਕਲੱਬ ਪ੍ਰਧਾਨ ਜੋਗਿੰਦਰ ਸਿੰਘ, ਮੀਤ ਪ੍ਰਧਾਨ ਮੋਹਨ ਸਿੰਘ ਅਤੇ ਜਨਰਲ ਸਕੱਤਰ ਜਸਪਾਲ ਸਿੰਘ ਦੀ ਅਗਵਾਈ ਹੇਠ ਸਮਾਗਮ ਵਿਚ ਸ਼ਾਮਲ ਸ਼ਖ਼ਸੀਅਤਾਂ ਦਾ ਸਨਮਾਨ ਕੀਤਾ ਗਿਆ | ਇਸ ਮੌਕੇ ਮਾ. ਅਮਰ ਸਿੰਘ ਟੋਡਰਵਾਲ, ਹੰਸ ਰਾਜ ਮਹਿਮੀ ਸਾਬਕਾ ਇੰਸਪੈਕਟਰ, ਦਲਵੀਰ ਸਿੰਘ ਛੀਟਾਂਵਾਲਾਂ, ਸੁਖਜੀਤ ਸਿੰਘ ਹਾਂਸ, ਸਤਨਾਮ ਸਿੰਘ, ਜਸਕਰਨਵੀਰ ਸਿੰਘ ਤੇਜੇ, ਵਿੱਕੀ ਗਲਾਸ ਸਟੋਰ, ਗੁਰਜੰਟ ਸਿੰਘ ਜੈਮਲ ਕਾਲੋਨੀ, ਨਵਾਬ ਸਿੰਘ ਸੂਬੇਦਾਰ, ਜਸਵਿੰਦਰ ਸਿੰਘ, ਗੱਜਣ ਸਿੰਘ ਏਕਤਾ ਕਾਲੋਨੀ, ਦੀਦਾਰ ਸਿੰਘ, ਰਾਜਿੰਦਰ ਸਿੰਘ ਅਤੇ ਗੁਲਾਬ ਸਿੰਘ ਆਦਿ ਸ਼ਹਿਰ ਵਾਸੀ ਹਾਜ਼ਰ ਸਨ |