ਸਮਾਣਾ, 16 ਅਪ੍ਰੈਲ (ਪ੍ਰੀਤਮ ਸਿੰਘ ਨਾਗੀ)-ਸਮਾਣਾ ਦੀ ਰਾਜ਼ੋਰੀ ਗਾਰਡਨ ਕਾਲੋਨੀ ਨੇੜੇ ਮੋਟਰਸਾਈਕਲ ਸਵਾਰ ਦੋ ਸਕੇ ਭਰਾ ਹਾਦਸੇ ਦਾ ਸ਼ਿਕਾਰ ਹੋ ਗਏ ਜਿਨ੍ਹਾਂ ਵਿਚੋਂ ਇਕ ਦੀ ਮੌਤ ਹੋ ਗਈ ਹੈ ਅਤੇ ਜ਼ਖ਼ਮੀ ਨੂੰ ਰਜਿੰਦਰਾ ਹਸਪਤਾਲ ਪਟਿਆਲਾ ਦਾਖ਼ਲ ਕਰਵਾਇਆ ਗਿਆ ਹੈ | ਥਾਣਾ ਸ਼ਹਿਰੀ ਸਮਾਣਾ ਦੇ ਸਬ-ਇੰਸਪੈਕਟਰ ਪੂਰਨ ਸਿੰਘ ਨੇ ਦੱਸਿਆ ਕਿ ਵੀਰਵਾਰ ਦੇਰ ਸ਼ਾਮ ਵੀਰ ਸਿੰਘ ਉਰਫ਼ ਰਾਜੂ (24) ਅਤੇ ਉਸ ਦਾ ਭਰਾ ਸੁਖਬੀਰ ਸਿੰਘ ਪੁਤਰਾਨ ਆਤਮਾ ਰਾਮ ਵਾਸੀ ਨਾਮਧਾਰੀ ਕਾਲੋਨੀ ਮੋਟਰਸਾਈਕਲ 'ਤੇ ਸਵਾਰ ਹੋ ਕੇ ਘਰੋਂ ਸਬਜ਼ੀ ਲੈਣ ਲਈ ਨਿਕਲੇ ਸਨ | ਜਦੋਂ ਉਹ ਰਾਜ਼ੋਰੀ ਗਾਰਡਨ ਕਾਲੋਨੀ ਕੋਲ ਪਹੁੰਚੇ ਤਾਂ ਉਨ੍ਹਾਂ ਦਾ ਮੋਟਰਸਾਈਕਲ ਬੇਕਾਬੂ ਹੋ ਕੇ ਬਿਜਲੀ ਦੇ ਖੰਭੇ ਨਾਲ ਟਕਰਾ ਗਿਆ | ਇਸ ਹਾਦਸੇ ਵਿਚ ਵੀਰ ਸਿੰਘ ਉਰਫ਼ ਰਾਜੂ ਦੀ ਮੌਤ ਹੋ ਗਈ ਅਤੇ ਸੁਖਬੀਰ ਸਿੰਘ ਜ਼ਖ਼ਮੀ ਹੋ ਗਿਆ | ਉਸ ਦੀ ਹਾਲਤ ਵੇਖਦਿਆਂ ਪਟਿਆਲਾ ਦੇ ਰਾਜਿੰਦਰਾ ਹਸਪਤਾਲ ਵਿਖੇ ਭੇਜ ਦਿੱਤਾ ਹੈ | ਮਿ੍ਤਕ ਦੀ ਲਾਸ਼ ਪਰਿਵਾਰ ਦੇ ਮੈਂਬਰ ਦੇ ਬਿਆਨ ਦਰਜ ਕਰਨ ਉਪਰੰਤ ਪਰਿਵਾਰ ਦੇ ਹਵਾਲੇ ਕਰ ਦਿੱਤੀ ਹੈ |