ਪਟਿਆਲਾ, 16 ਅਪ੍ਰੈਲ (ਗੁਰਪ੍ਰੀਤ ਸਿੰਘ ਚੱਠਾ)-ਕਾਂਗਰਸ ਪਾਰਟੀ ਵਲੋਂ ਕੀਤੀਆਂ ਨਵੀਆਂ ਨਿਯੁਕਤੀਆਂ ਦੌਰਾਨ ਹਲਕਾ ਸਨੌਰ ਨਾਲ ਸੰਬੰਧਿਤ ਆਗੂ ਬਲਿਹਾਰ ਸਿੰਘ ਸ਼ਮਸ਼ਪੁਰ ਨੂੰ ਜ਼ਿਲ੍ਹਾ ਮੀਤ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ | ਇਸ ਫ਼ੈਸਲੇ ਨਾਲ ਇਲਾਕੇ ਦੇ ਵਰਕਰਾਂ ਵਿਚ ਖ਼ੁਸ਼ੀ ਦਾ ਮਾਹੌਲ ਪਾਇਆ ਜਾ ਰਿਹਾ ਹੈ | ਬਲਿਹਾਰ ਸਿੰਘ ਸ਼ਮਸ਼ਪੁਰ ਪਿਛਲੇ ਸਮੇਂ ਦੌਰਾਨ ਜਨਤਕ ਮੁੱਦਿਆਂ ਨਾਲ ਜੁੜੇ ਰਹੇ ਹਨ ਅਤੇ ਇਲਾਕੇ ਵਿਚ ਲੋਕਾਂ ਨਾਲ ਸੰਪਰਕ ਬਣਾਈ ਰੱਖਣ ਕਰਕੇ ਉਨ੍ਹਾਂ ਦੀ ਇਕ ਸਧਾਰਣ ਪਰ ਪੱਕੀ ਪਛਾਣ ਬਣੀ ਹੋਈ ਹੈ | ਸਥਾਨਕ ਪੱਧਰ 'ਤੇ ਉਨ੍ਹਾਂ ਦੀ ਸਰਗਰਮੀ ਨੂੰ ਦੇਖਦਿਆਂ ਇਸ ਨਿਯੁਕਤੀ ਨੂੰ ਸੰਗਠਨਾਤਮਕ ਢਾਂਚੇ ਨੂੰ ਮਜ਼ਬੂਤ ਕਰਨ ਵੱਲ ਇਕ ਕਦਮ ਮੰਨਿਆ ਜਾ ਰਿਹਾ ਹੈ | ਨਾਲ ਹੀ ਰਾਜਨੀਤਿਕ ਵਰਗਾਂ ਵਿਚ ਇਸ ਨੂੰ ਹਲਕਾ ਸਨੌਰ ਵਿਚ ਕਾਂਗਰਸ ਲਈ ਇਕ ਸਾਰਥਿਕ ਸੰਕੇਤ ਵਜੋਂ ਵੀ ਵੇਖਿਆ ਜਾ ਰਿਹਾ ਹੈ | ਇਸ ਸੰਬੰਧੀ ਕਾਂਗਰਸ ਪਾਰਟੀ ਦੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਪਾਰਟੀ ਨੂੰ ਬਲਿਹਾਰ ਸਿੰਘ ਸ਼ਮਸ਼ਪੁਰ ਵਰਗੇ ਮੈਦਾਨੀ ਪੱਧਰ 'ਤੇ ਕੰਮ ਕਰਨ ਵਾਲੇ ਆਗੂਆਂ ਤੋਂ ਉਮੀਦਾਂ ਹਨ ਅਤੇ ਉਨ੍ਹਾਂ ਦੀ ਸ਼ਮੂਲੀਅਤ ਨਾਲ ਸੰਗਠਨ ਨੂੰ ਹੋਰ ਮਜ਼ਬੂਤੀ ਮਿਲੇਗੀ | ਇਸ ਮੌਕੇ ਉਨ੍ਹਾਂ ਨਾਲ ਜ਼ਿਲ੍ਹਾ ਪ੍ਰਧਾਨ ਬੀਬੀ ਗੁਰਸ਼ਰਨ ਕੌਰ ਰੰਧਾਵਾ ਵੀਂ ਮੌਜੂਦ ਸਨ | ਇਸ ਮੌਕੇ ਬਲਿਹਾਰ ਸਿੰਘ ਸ਼ਮਸ਼ਪੁਰ ਨੇ ਸੂਬਾ ਪ੍ਰਧਾਨ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਵਲੋਂ ਸੌਂਪੀ ਗਈ ਜ਼ਿੰਮੇਵਾਰੀ ਨੂੰ ਉਹ ਇਮਾਨਦਾਰੀ ਨਾਲ ਨਿਭਾਉਣ ਦੀ ਕੋਸ਼ਿਸ਼ ਕਰਨਗੇ | ਉਨ੍ਹਾਂ ਕਿਹਾ ਕਿ ਪਾਰਟੀ ਦੀਆਂ ਨੀਤੀਆਂ ਨੂੰ ਲੋਕਾਂ ਤੱਕ ਪਹੁੰਚਾਉਣ ਅਤੇ ਇਲਾਕੇ ਦੇ ਵਿਕਾਸੀ ਮੁੱਦਿਆਂ ਨੂੰ ਉਭਾਰਨਾ ਉਨ੍ਹਾਂ ਦੀ ਪ੍ਰਾਥਮਿਕਤਾ ਰਹੇਗੀ | ਇਲਾਕੇ ਦੇ ਵਰਕਰਾਂ ਨੇ ਆਸ ਜਤਾਈ ਕਿ ਇਸ ਨਿਯੁਕਤੀ ਨਾਲ ਹਲਕਾ ਸਨੌਰ 'ਚ ਪਾਰਟੀ ਦੀ ਸਰਗਰਮੀ ਹੋਰ ਵਧੇਗੀ ਅਤੇ ਲੋਕਾਂ ਨਾਲ ਨਜ਼ਦੀਕੀ ਸੰਪਰਕ ਨੂੰ ਮਜ਼ਬੂਤੀ ਮਿਲੇਗੀ |