ਬਨੂੜ, 16 ਅਪ੍ਰੈਲ (ਭੁਪਿੰਦਰ ਸਿੰਘ)-ਕੇਂਦਰ ਦੀ ਮੋਦੀ ਸਰਕਾਰ ਵਲੋਂ ਦੇਸ ਵਿਚ ਲਿਆਂਦੀ ਜਾ ਰਹੀ ਬੂਥ ਲੈਸ ਪ੍ਰਣਾਲੀ ਦੇ ਵਿਰੋਧ ਵਿਚ ਟੋਲ ਪਲਾਜ਼ਾ ਯੂਨੀਅਨ ਅਤੇ ਕਿਸਾਨ ਜਥੇਬੰਦੀਆਂ ਵਲੋਂ ਅਜ਼ੀਜ਼ਪੁਰ ਟੋਲ ਪਲਾਜ਼ਾ ਤਿੰਨ ਘੰਟੇ ਲਈ ਫ਼ਰੀ ਕੀਤਾ ਗਿਆ | ਇਸ ਮੌਕੇ ਗੱਲਬਾਤ ਕਰਦੇ ਹੋਏ ਕਿਸਾਨ ਆਗੂ ਕਿਰਪਾਲ ਸਿੰਘ ਸਿਆਊ, ਪਰਮ ਬੈਦਵਾਨ, ਲਖਵਿੰਦਰ ਸਿੰਘ ਲੱਖੀ ਕਰਾਲਾ ਸਰਪੰਚ, ਜਗਜੀਤ ਸਿੰਘ ਜੱਗੀ ਕਰਾਲਾ, ਗੁਰਪ੍ਰੀਤ ਸਿੰਘ ਸੇਖਨ ਮਾਜਰਾ, ਤਰਲੋਚਨ ਸਿੰਘ, ਨੰਬਰਦਾਰ ਸਤਨਾਮ ਸਿੰਘ ਸੱਤਾ ਖਲੋਰ, ਗੁਰਵਿੰਦਰ ਸਿੰਘ ਸਿਆਊ, ਕੁਲਬੀਰ ਸਿੰਘ ਕਰਾਲਾ ਅਤੇ ਟੋਲ ਕਰਮਚਾਰੀ ਮਨਪ੍ਰੀਤ ਸਿੰਘ, ਯਾਦਵਿੰਦਰ ਕਰਾਲਾ, ਬਲਜਿੰਦਰ ਕੌਰ ,ਯਸਮੀਨ ,ਸਿਮਰਨਜੀਤ ਕੌਰ, ਮਨਪ੍ਰੀਤ ਸਿੰਘ ਨੇ ਦੱਸਿਆ ਕਿ ਕੇਂਦਰ ਦੀ ਮੋਦੀ ਸਰਕਾਰ ਵਲੋਂ ਦੇਸ ਭਰ ਦੇ ਟੋਲ ਪਲਾਜ਼ਿਆਂ 'ਤੇ ਬੂਥ ਲੈਸ ਪ੍ਰਣਾਲੀ ਲਿਆਂਦੀ ਜਾ ਰਹੀ ਹੈ | ਜਿਸ ਰਾਹੀਂ ਸਾਰੀਆਂ ਗੱਡੀਆਂ ਦੀ ਯੂ.ਪੀ.ਆਈ. ਰਾਹੀਂ ਪੇਮੈਂਟ ਹੋਵੇਗੀ | ਜਿਸ ਕਾਰਨ ਟੋਲ ਪਲਾਜ਼ਾ 'ਤੇ ਕਿਸੇ ਵੀ ਕਰਮਚਾਰੀ ਦੀ ਲੋੜ ਨਹੀਂ ਹੋਵੇਗੀ | ਜਿਸ ਕਾਰਨ ਦੇਸ ਦੇ ਹਜ਼ਾਰਾਂ ਨੌਜਵਾਨ ਬੇਰੁਜ਼ਗਾਰ ਹੋ ਜਾਣਗੇ | ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵਲੋਂ ਲੋਕ ਸਭਾ ਚੋਣਾਂ ਦੌਰਾਨ ਅੱਛੇ ਦਿਨ ਲਿਆਉਣ ਦੇ ਵਾਅਦੇ ਕਰਕੇ ਦੇਸ ਵਾਸੀਆਂ ਨਾਲ ਧੋਖਾ ਕੀਤਾ ਤੇ ਹੁਣ ਉਹ ਅਜਿਹੀਆਂ ਨੀਤੀਆਂ ਅਪਣਾ ਰਹੀ ਹੈ | ਜਿਸ ਕਾਰਨ ਰੋਜਾਨਾ ਨੌਜਵਾਨਾਂ ਨੂੰ ਬੇਰੁਜ਼ਗਾਰ ਕੀਤਾ ਜਾ ਰਿਹਾ ਹੈ | ਇਸ ਦੇ ਨਾਲ ਹੀ ਕਿਸਾਨ ਜਥੇਬੰਦੀਆਂ ਨੇ ਕਿਹਾ ਕਿ ਕੇਂਦਰ ਸਰਕਾਰ ਦੀ ਇਸ ਪ੍ਰਣਾਲੀ ਦੇ ਵਿਰੁੱਧ ਟੋਲ ਪਲਾਜ਼ਾ ਯੂਨੀਅਨ ਦੀ ਕਿਸਾਨ ਜਥੇਬੰਦੀਆਂ ਹਰ ਪੱਖੋਂ ਹਮਾਇਤ ਕਰਨਗੀਆਂ | ਇਸ ਮੌਕੇ ਕਿਸਾਨ ਜਥੇਬੰਦੀਆਂ ਅਤੇ ਟੋਲ ਪਲਾਜ਼ਾ ਯੂਨੀਅਨ ਵਲੋਂ ਕੇਂਦਰ ਸਰਕਾਰ ਨੂੰ ਕੈਸ਼ ਲੈਸ ਪ੍ਰਣਾਲੀ ਬੰਦ ਕਰਨ ਦੀ ਮੰਗ ਕਰਦਿਆਂ ਸਰਕਾਰ ਦੀ ਇਸ ਬੇਰੁਜ਼ਗਾਰੀ ਫੈਲਾਉਣ ਵਾਲੀ ਨੀਤੀ ਦੇ ਖ਼ਿਲਾਫ਼ ਨਾਅਰੇਬਾਜ਼ੀ ਕੀਤੀ | ਇਸ ਮੌਕੇ ਰੁਸਤਮ ਸੇਖ ਭਬਾਤ, ਅਮਰ ਸਿੰਘ ਛੱਤ, ਹਰਦੀਪ ਸਿੰਘ ਬਲਟਾਣਾ, ਰਣਜੀਤ ਸਿੰਘ ਕਨੋੜ ਗਗਨਦੀਪ ਇੰਦਰਜੀਤ ਸਿੰਘ, ਗੁਰਮੀਤ ਸਿੰਘ ਬਸੀ ਈਸੇ ਖਾਂ ਤੋਂ ਇਲਾਵਾ ਹੋਰ ਬਹੁਤ ਸਾਰੇ ਟੋਲ ਪਲਾਜ਼ਾ ਯੂਨੀਅਨ ਅਤੇ ਵੱਖ-ਵੱਖ ਕਿਸਾਨ ਜਥੇਬੰਦੀਆਂ ਦੇ ਅਹੁਦੇਦਾਰ ਹਾਜ਼ਰ ਸਨ |