29-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-04-2026

ਪੰਜਾਬੀ ਮਾਨਸਿਕਤਾ ਦੀ 'ਚੜ੍ਹਦੀਕਲਾ' ਦਾ ਪ੍ਰਤੀਕ ਹਨ ਸਾਡੀਆਂ ਲੋਕ ਖੇਡਾਂ-ਉਪ-ਕੁਲਪਤੀ ਪ੍ਰੋ. ਪੁਸ਼ਪਿੰਦਰ ਸਿੰਘ ਗਿੱਲ • ਪੰਜਾਬ ਨੂੰ ਨਸ਼ਾ ਮੁਕਤ ਕਰਨ ਲਈ ਚੰਗਾ ਖੇਡ ਸੱਭਿਆਚਾਰ ਵਿਕਸਿਤ ਕਰਨ ਦੀ ਲੋੜ-ਗੁਰਭਜਨ ਗਿੱਲ

Ad Position 21
No active advertisement
ਅਜੀਤ ਡੈਸਕ 18-04-2026
ਪਟਿਆਲਾ, 17 ਅਪ੍ਰੈਲ (ਧਰਮਿੰਦਰ ਸਿੰਘ ਸਿੱਧੂ)-''ਸਾਡੀਆਂ ਲੋਕ ਖੇਡਾਂ ਸਿਰਫ਼ ਸਰੀਰਕ ਗਤੀਵਿਧੀਆਂ ਨਹੀਂ ਹਨ | ਇਹ ਸਾਡੇ ਇਤਿਹਾਸ ਦਾ ਜਿਉਂਦਾ-ਜਾਗਦਾ ਸਰਮਾਇਆ ਹੈ | ਇਹ ਖੇਡਾਂ ਪੰਜਾਬੀ ਮਾਨਸਿਕਤਾ ਦੀ 'ਚੜ੍ਹਦੀ ਕਲਾ' ਦਾ ਪ੍ਰਤੀਕ ਹਨ | ਇਨ੍ਹਾਂ ਨੂੰ ਸੰਭਾਲਣਾ ਤੇ ਪ੍ਰਫੁੱਲਿਤ ਕਰਨਾ ਸਾਡੀ ਜ਼ਰੂਰਤ ਹੈ |'' ਇਹ ਪ੍ਰਗਟਾਵਾ 'ਦ ਮਹਾਰਾਜਾ ਭੁਪਿੰਦਰ ਸਿੰਘ ਪੰਜਾਬ ਸਪੋਰਟਸ ਯੂਨੀਵਰਸਿਟੀ ਦੇ ਉਪ-ਕੁਲਪਤੀ ਪ੍ਰੋ. ਪੁਸ਼ਪਿੰਦਰ ਸਿੰਘ ਗਿੱਲ ਨੇ ਪੰਜਾਬ ਦੀਆਂ ਲੋਕ ਖੇਡਾਂ ਬਾਰੇ ਕਰਵਾਏ ਰਾਸ਼ਟਰੀ ਸੈਮੀਨਾਰ ਦੀ ਪ੍ਰਧਾਨਗੀ ਕਰਦਿਆਂ ਕੀਤਾ | ਬਾਰਾਂਦਰੀ ਸਥਿਤ ਪ੍ਰਭਾਤ ਪਰਵਾਨਾ ਮੈਮੋਰੀਅਲ ਟਰੇਡ ਯੂਨੀਅਨ ਸੈਂਟਰ ਵਿਖੇ ਕਰਵਾਏ ਇਸ ਸੈਮੀਨਾਰ ਦੌਰਾਨ ਉਪ ਕੁਲਪਤੀ ਪ੍ਰੋ. ਗਿੱਲ ਨੇ ਕਿਹਾ ਕਿ ਭਾਵੇਂ ਕੌਮਾਂਤਰੀ ਪੱਧਰ ਉੱਤੇ ਪ੍ਰਵਾਨਿਤ ਆਧੁਨਿਕ ਖੇਡਾਂ ਵਿਸ਼ਵ ਪੱਧਰ 'ਤੇ ਪਛਾਣ ਲਈ ਜ਼ਰੂਰੀ ਹਨ ਪਰ ਸਾਡੀਆਂ ਸਥਾਨਕ ਲੋਕ ਖੇਡਾਂ ਉਹ ਬੁਨਿਆਦੀ ਤਾਕਤ ਅਤੇ ਭਾਈਚਾਰਕ ਸਾਂਝ ਪ੍ਰਦਾਨ ਕਰਦੀਆਂ ਹਨ ਜਿਸ ਦੀ ਬਰਾਬਰੀ ਕੋਈ ਵੀ ਆਧੁਨਿਕ ਖੇਡ ਨਹੀਂ ਕਰ ਸਕਦੀ | ਉਨ੍ਹਾਂ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਕਿਲ੍ਹਾ ਰਾਏਪੁਰ ਵਿਖੇ ਬੈਲ ਗੱਡੀਆਂ ਦੀਆਂ ਦੌੜਾਂ ਮੁੜ ਸ਼ੁਰੂ ਕਰਵਾਉਣਾ ਬਹੁਤ ਹੀ ਸ਼ਲਾਘਾਯੋਗ ਤੇ ਵਿਰਾਸਤੀ ਖੇਡਾਂ ਨੂੰ ਪ੍ਰਫੁੱਲਿਤ ਕਰਨ ਵਾਲਾ ਕਦਮ ਹੈ | ਉਨ੍ਹਾਂ ਕਿਹਾ ਕਿ ਅਸੀਂ ਇਹਨਾਂ ਖੇਡਾਂ ਨੂੰ ਅਕਾਦਮਿਕ ਪਾਠਕ੍ਰਮ ਦਾ ਰਸਮੀ ਹਿੱਸਾ ਬਣਾਉਣ ਲਈ ਵੀ ਕੰਮ ਕਰਾਂਗੇ, ਤਾਂ ਜੋ ਪੰਜਾਬ ਦੇ ਕਿਸੇ ਵੀ ਪਿੰਡ ਦਾ ਬੱਚਾ 'ਗਤਕਾ' ਸਿੱਖਣ ਵਿੱਚ ਵੀ ਓਨਾ ਹੀ ਮਾਣ ਮਹਿਸੂਸ ਕਰੇ ਜਿੰਨਾ ਉਹ ਕਿਸੇ ਉਲੰਪਿਕ ਖੇਡ ਵਿਚ ਕਰਦਾ ਹੈ | ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਇਨ੍ਹਾਂ ਖੇਡਾਂ ਦੇ 'ਭਵਿੱਖ' ਨੂੰ ਸੁਰੱਖਿਅਤ ਕਰਨ ਲਈ ਸਾਨੂੰ ਬਹੁਤ ਸਾਰੇ ਸੰਸਥਾਗਤ ਕਦਮ ਚੁੱਕਣ ਦੀ ਲੋੜ ਹੈ | ਦਿਲ ਦੇ ਰੋਗਾਂ ਦੇ ਮਾਹਿਰ ਡਾ. ਮਨਮੋਹਨ ਸਿੰਘ ਨੇ ਮੁੱਖ ਮਹਿਮਾਨ ਵਜੋਂ ਬੋਲਦਿਆਂ ਕਿਹਾ ਕਿ ਲੋਕ ਖੇਡਾਂ ਸਾਨੂੰ ਆਪਣੀ ਮਿੱਟੀ ਨਾਲ ਜੋੜਦੀਆਂ ਹਨ | ਉਨ੍ਹਾਂ ਕਿਹਾ ਕਿ ਖੇਡਾਂ ਸਿਰਫ਼ ਜਿੱਤਣ ਲਈ ਨਹੀਂ ਹੁੰਦੀਆਂ ਬਲਕਿ ਸਿੱਖਣ ਲਈ ਹੁੰਦੀਆਂ ਹਨ | ਲੋਕ ਖੇਡਾਂ ਦੇ ਹਵਾਲੇ ਨਾਲ ਉਨ੍ਹਾਂ ਕਿਹਾ ਕਿ ਹੁਣ ਜਦੋਂ ਆਧੁਨਿਕ ਸੰਗਠਿਤ ਖੇਡਾਂ ਬਹੁਤ ਗੁੰਝਲਦਾਰ ਅਤੇ ਮਹਿੰਗੀਆਂ ਹੋ ਗਈਆਂ ਹਨ ਤਾਂ ਦੂਜੇ ਪਾਸੇ ਸਾਡੀਆਂ ਲੋਕ ਖੇਡਾਂ ਹਾਲੇ ਵੀ ਸਰਲ, ਸਸਤੀਆਂ ਅਤੇ ਪ੍ਰਭਾਵਸ਼ਾਲੀ ਹਨ | ਡਾ. ਗੁਰਭਜਨ ਗਿੱਲ ਨੇ ਕਿਹਾ ਕਿ ਅੱਜ ਜਦੋਂ ਏ.ਆਈ. ਦਾ ਬੋਲਬਾਲਾ ਹੋ ਰਿਹਾ ਹੈ ਅਤੇ ਵਿਸ਼ਵੀਕਰਨ ਨੇ ਮਨੁੱਖ 'ਤੇ ਬਹੁਤ ਜ਼ਿਆਦਾ ਮਾਰੂ ਪ੍ਰਭਾਵ ਪਾਏ ਹਨ ਤਾਂ ਸਾਨੂੰ ਲੋਕ ਖੇਡਾਂ ਸਮੇਤ ਆਪਣੇ ਸਮੁੱਚੇ ਵਿਰਸੇ ਨੂੰ ਤਰਜੀਹੀ ਆਧਾਰ 'ਤੇ ਬਚਾਉਣਾ ਪਵੇਗਾ | ਗਿੱਲ ਨੇ ਕਿਹਾ ਕਿ ਪੰਜਾਬ ਨੂੰ ਨਸ਼ਾ ਮੁਕਤ ਕਰਨ ਲਈ ਇੱਥੇ ਚੰਗਾ ਖੇਡ ਸਭਿਆਚਾਰ ਵਿਕਸਿਤ ਕੀਤੇ ਜਾਣ ਦੀ ਲੋੜ ਹੈ | ਉਨ੍ਹਾਂ ਇਸ ਗੱਲ 'ਤੇ ਚਿੰਤਾ ਪ੍ਰਗਟਾਈ ਕੇ ਅੱਜ ਸਰਮਾਏ ਦੀ ਅਮਰਵੇਲ ਨੇ ਸਾਡੇ ਤੋਂ ਸਾਡੀਆਂ ਸੋਹਣੀਆਂ ਲੋਕ ਖੇਡਾਂ ਖੋਹ ਲਈਆਂ ਹਨ | ਇਸ ਪੱਖੋਂ ਗੰਭੀਰਤਾ ਨਾਲ ਸੋਚਣ ਦੀ ਲੋੜ ਹੈ | ਉਨ੍ਹਾਂ ਕਿਹਾ ਕਿ ਪੰਜਾਬ ਦੀ ਹਰ ਮਰਿਆਦਾ ਨੂੰ ਸੰਭਾਲਣ ਲਈ ਇਕਜੁਟਤਾ ਨਾਲ ਹੰਭਲੇ ਮਾਰਨ ਦੀ ਲੋੜ ਹੈ | ਉੱਘੇ ਲੋਕਧਾਰਾ ਸ਼ਾਸਤਰੀ ਡਾ. ਗੁਰਮੀਤ ਸਿੰਘ ਨੇ ਕਿਹਾ ਕਿ ਲੋਕ ਖੇਡਾਂ ਸਾਨੂੰ ਸਰੀਰਕ ਅਤੇ ਮਾਨਸਿਕ ਤੌਰ 'ਤੇ ਤੰਦਰੁਸਤ ਰੱਖਣ ਵਿਚ ਵੱਡਾ ਯੋਗਦਾਨ ਪਾਉਂਦੀਆਂ ਹਨ | ਸੈਮੀਨਾਰ ਦੀ ਕਨਵੀਨਰ ਡਾ. ਮਨਪ੍ਰੀਤ ਕੌਰ ਨੇ ਵਿਸ਼ੇ ਬਾਰੇ ਅਹਿਮ ਟਿੱਪਣੀਆਂ ਕੀਤੀਆਂ ਅਤੇ ਯੂਨੀਵਰਸਿਟੀ ਦੇ ਰਜਿਸਟਰਾਰ ਕਰਨਲ ਪਰਮਿੰਦਰ ਸਿੰਘ ਗਿੱਲ ਨੇ ਧੰਨਵਾਦ ਕੀਤਾ | ਇਸ ਮੌਕੇ ਪ੍ਰੋ. ਸੁਰਜੀਤ ਸਿੰਘ ਭੱਟੀ, ਡਾ. ਹਰਜੀਤ ਕੌਰ, ਖੇਡ ਲੇਖਕ ਨਵਦੀਪ ਸਿੰਘ ਗਿੱਲ, ਡਾ. ਅਮਰੀਕ ਸਿੰਘ, ਡਾ. ਸਨਮਾਨ ਕੌਰ ਤੋਂ ਇਲਾਵਾ ਡਾ. ਸੁਰਜੀਤ ਸਿੰਘ, ਡਾ. ਗੁਰਮੁਖ ਸਿੰਘ, ਡਾ. ਸਤੀਸ਼ ਕੁਮਾਰ ਵਰਮਾ, ਡਾ. ਰਜਿੰਦਰਪਾਲ ਸਿੰਘ ਬਰਾੜ, ਡਾ. ਮਾਨ ਸਿੰਘ ਢੀਂਡਸਾ, ਡਾ. ਪਰਮਵੀਰ ਸਿੰਘ, ਡਾ. ਅਮਰਜੀਤ ਸਿੰਘ, ਡਾ. ਕਿਰਨਜੀਤ ਕੌਰ ਆਦਿ ਮੌਜੂਦ ਰਹੇ |
Ad Position 22
No active advertisement
ਪਿਛਲੀ ਖ਼ਬਰ ਰਾਮਨਾਥ ਭਿੱਲਾ (ਬਰਾਸ) ਦੇ ਦਿਹਾਂਤ 'ਤੇ ਬਾਬੂ ਕਬੀਰ ਦਾਸ ਸਮੇਤ ਵੱਖ-ਵੱਖ ਆਗੂਆਂ ਵਲੋਂ ਦੁੱਖ ਪ੍ਰਗਟ ਅਗਲੀ ਖ਼ਬਰ ਗੁਰਸ਼ਰਨ ਕੌਰ ਰੰਧਾਵਾ ਨੇ ਡਾ. ਅੰਬੇਡਕਰ ਨੂੰ ਕੀਤੀਆਂ ਸ਼ਰਧਾਂਜਲੀਆਂ ਭੇਟ
Ad Position 24