ਦੇਵੀਗੜ੍ਹ, 19 ਅਪ੍ਰੈਲ (ਰਾਜਿੰਦਰ ਸਿੰਘ ਮੌਜੀ)-ਪਵਿੱਤਰ ਇਤਿਹਾਸਕ ਅਸਥਾਨ ਗੁਰਦੁਆਰਾ ਬਾਉਲੀ ਸਾਹਿਬ ਮਿਲਾਪਸਰ ਘੜਾਮ ਵਿਖੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸਾਲਾਨਾ ਕਬੱਡੀ ਟੂਰਨਾਮੈਂਟ ਪੂਰੀ ਸ਼ਾਨੋ-ਸ਼ੌਕਤ ਨਾਲ ਕਰਵਾਇਆ ਗਿਆ | ਜਥੇਦਾਰ ਬਾਬਾ ਕਸ਼ਮੀਰ ਸਿੰਘ ਭੂਰੀ ਵਾਲੇ ਤੇ ਬਾਬਾ ਸੁਖਵਿੰਦਰ ਸਿੰਘ ਭੂਰੀ ਵਾਲਿਆਂ ਦੀ ਸਰਪ੍ਰਸਤੀ ਹੇਠ ਕਰਵਾਇਆ ਗਿਆ ਇਹ ਖੇਡ ਮੇਲਾ ਇਲਾਕੇ ਦੀ ਸੰਗਤ, ਖੇਡ ਕਮੇਟੀ ਅਤੇ ਪ੍ਰਵਾਸੀ ਪੰਜਾਬੀਆਂ ਦੇ ਵਿਸ਼ੇਸ਼ ਸਹਿਯੋਗ ਨਾਲ ਅਮਿੱਟ ਯਾਦਾਂ ਛੱਡਦਾ ਹੋਇਆ ਸਫਲਤਾਪੂਰਵਕ ਸੰਪੰਨ ਹੋਇਆ | ਖੇਡ ਮੇਲੇ ਦੌਰਾਨ ਮੁੰਡਿਆਂ ਦੀ ਕਬੱਡੀ ਦੇ ਫਾਈਨਲ ਮੁਕਾਬਲੇ ਵਿਚ ਦੁਤਾਲ ਦੀ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸੈਂਪਲੀ ਸਾਹਿਬ ਦੀ ਟੀਮ ਨੂੰ ਮਾਤ ਦਿੱਤੀ | ਪਹਿਲਾ ਸਥਾਨ ਹਾਸਲ ਕਰਨ ਵਾਲੀ ਦੁਤਾਲ ਦੀ ਟੀਮ ਨੂੰ 61,000 ਰੁਪਏ ਅਤੇ ਦੂਜੇ ਸਥਾਨ 'ਤੇ ਰਹੀ ਸੈਂਪਲੀ ਸਾਹਿਬ ਦੀ ਟੀਮ ਨੂੰ 51,000 ਰੁਪਏ ਨਕਦ ਇਨਾਮ ਨਾਲ ਸਨਮਾਨਿਤ ਕੀਤਾ ਗਿਆ | ਇਸ ਵਾਰ ਕੁੜੀਆਂ ਦੇ ਕਬੱਡੀ ਮੁਕਾਬਲੇ ਵੀ ਦਰਸ਼ਕਾਂ ਦੀ ਖਿੱਚ ਦਾ ਕੇਂਦਰ ਰਹੇ | ਕੁੜੀਆਂ ਦੇ ਵਰਗ ਵਿਚ ਰੋਂਤਾ ਦੀ ਟੀਮ ਨੇ ਪਹਿਲਾ ਸਥਾਨ ਪ੍ਰਾਪਤ ਕਰਕੇ 41,000 ਰੁਪਏ ਦਾ ਇਨਾਮ ਜਿੱਤਿਆ, ਜਦਕਿ ਰਾਖੀ ਖੇੜੀ ਦੀ ਟੀਮ ਦੂਜੇ ਸਥਾਨ 'ਤੇ ਰਹੀ ਅਤੇ 31,000 ਰੁਪਏ ਦੀ ਹੱਕਦਾਰ ਬਣੀ | ਬਾਬਾ ਸੁਖਵਿੰਦਰ ਸਿੰਘ ਭੂਰੀ ਵਾਲੇ ਨੇ ਸੰਗਤਾਂ ਅਤੇ ਖਿਡਾਰੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਖੇਡਾਂ ਸਾਡੀ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਵਰਗੀਆਂ ਅਲਾਮਤਾਂ ਤੋਂ ਦੂਰ ਰੱਖ ਕੇ ਸਿਹਤਮੰਦ ਸਮਾਜ ਦੀ ਸਿਰਜਣਾ ਵਿਚ ਸਹਾਈ ਹੁੰਦੀਆਂ ਹਨ | ਗੁਰਦੁਆਰਾ ਸਾਹਿਬ ਵਿਖੇ ਕਰਵਾਏ ਜਾਂਦੇ ਇਹ ਖੇਡ ਮੇਲੇ ਨਾ ਸਿਰਫ਼ ਸਰੀਰਕ ਬਲ ਬਲਕਿ ਅਨੁਸ਼ਾਸਨ ਅਤੇ ਆਪਸੀ ਭਾਈਚਾਰੇ ਦਾ ਸੰਦੇਸ਼ ਵੀ ਦਿੰਦੇ ਹਨ | ਅਸੀਂ ਸਮੂਹ ਸੰਗਤ ਅਤੇ ਪ੍ਰਬੰਧਕਾਂ ਦੇ ਧੰਨਵਾਦੀ ਹਾਂ ਜਿਨ੍ਹਾਂ ਨੇ ਇਸ ਉਪਰਾਲੇ ਨੂੰ ਸਫਲ ਬਣਾਇਆ | ਸਾਬਕਾ ਸਰਪੰਚ ਚਰਨਜੀਤ ਸਿੰਘ ਭੈਣੀ ਨੇ ਖਿਡਾਰੀਆਂ ਦੀ ਹੌਸਲਾ ਅਫਜਾਈ ਕਰਦਿਆਂ ਕਿਹਾ ਕਿ ਪੰਜਾਬ ਦੀ ਮਾਂ ਖੇਡ ਕਬੱਡੀ ਸਾਡੀ ਵਿਰਾਸਤ ਹੈ | ਅੱਜ ਦੇ ਮੁਕਾਬਲਿਆਂ ਵਿਚ ਜਿਸ ਤਰ੍ਹਾਂ ਕੁੜੀਆਂ ਨੇ ਆਪਣੀ ਜੌਹਰ ਦਿਖਾਏ ਹਨ, ਉਹ ਸਾਬਤ ਕਰਦਾ ਹੈ ਕਿ ਸਾਡੀਆਂ ਧੀਆਂ ਕਿਸੇ ਵੀ ਖੇਤਰ ਵਿਚ ਪਿੱਛੇ ਨਹੀਂ ਹਨ | ਸਾਡਾ ਮਕਸਦ ਖੇਡ ਸਭਿਆਚਾਰ ਨੂੰ ਪ੍ਰਫੁੱਲਿਤ ਕਰਨਾ ਹੈ | ਹਰਦੇਵ ਸਿੰਘ ਘੜਾਮ ਨੇ ਧੰਨਵਾਦੀ ਸ਼ਬਦ ਸਾਂਝੇ ਕਰਦਿਆਂ ਕਿਹਾ ਇਲਾਕਾ ਵਾਸੀਆਂ ਅਤੇ ਪ੍ਰਵਾਸੀ ਪੰਜਾਬੀਆਂ ਦੇ ਸਹਿਯੋਗ ਸਦਕਾ ਇਹ ਟੂਰਨਾਮੈਂਟ ਹਰ ਸਾਲ ਨਵੀਆਂ ਬੁਲੰਦੀਆਂ ਛੂਹ ਰਿਹਾ ਹੈ | ਅਸੀਂ ਅੱਗੇ ਤੋਂ ਵੀ ਇਸੇ ਤਰ੍ਹਾਂ ਖੇਡਾਂ ਨੂੰ ਉਤਸ਼ਾਹਿਤ ਕਰਦੇ ਰਹਾਂਗੇ ਤਾਂ ਜੋ ਸਾਡੇ ਪਿੰਡਾਂ ਦਾ ਨਾਂਅ ਕੌਮਾਂਤਰੀ ਪੱਧਰ 'ਤੇ ਚਮਕੇ | ਇਸ ਮੌਕੇ ਵਿਸ਼ੇਸ਼ ਤੌਰ 'ਤੇ ਪਹੁੰਚੇ ਸਿਮਰਨਜੀਤ ਕੌਰ ਪਠਾਣਮਾਜਰਾ ਅਤੇ ਹਰਜਸਨ ਸਿੰਘ ਪਠਾਣਮਾਜਰਾ ਨੇ ਜੇਤੂਆਂ ਨੂੰ ਇਨਾਮ ਵੰਡੇ | ਟੂਰਨਾਮੈਂਟ ਦੌਰਾਨ ਇਲਾਕੇ ਦੀਆਂ ਕਈ ਪ੍ਰਮੁੱਖ ਸ਼ਖ਼ਸੀਅਤਾਂ ਨੇ ਸ਼ਿਰਕਤ ਕੀਤੀ, ਜਿਨ੍ਹਾਂ ਵਿਚ ਸੇਵਾਦਾਰ ਸੁਖਦੇਵ ਸਿੰਘ, ਬਾਬਾ ਰਤਨ ਸਿੰਘ, ਬਾਬਾ ਰਾਣਾ ਸਿੰਘ ਕਰਹਾਲੀ ਸਾਹਿਬ, ਫੌਜਇੰਦਰ ਸਿੰਘ ਮੁਖਮੈਲਪੁਰ, ਚੇਅਰਮੈਨ ਇੰਦਰਜੀਤ ਸਿੰਘ ਸੰਧੂ, ਹਰਜਿੰਦਰ ਸਿੰਘ ਸ਼ੇਰਗੜ੍ਹ, ਅਮਨ ਪਠਾਣਮਾਜਰਾ, ਨਵਤੇਜ ਸਿੰਘ ਵੇਰਕਾ, ਪ੍ਰੋ. ਸਰਦਾਰਾ ਸਿੰਘ ਅਤੇ ਹੋਰ ਪਤਵੰਤੇ ਸੱਜਣ ਸ਼ਾਮਲ ਸਨ | ਸਮਾਗਮ ਦੇ ਅੰਤ ਵਿਚ ਆਈਆਂ ਅਹਿਮ ਸ਼ਖ਼ਸੀਅਤਾਂ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ | ਵੱਡੀ ਗਿਣਤੀ ਵਿਚ ਪਹੁੰਚੇ ਖੇਡ ਪ੍ਰੇਮੀਆਂ ਨੇ ਇਨ੍ਹਾਂ ਰੌਮਾਂਚਕ ਮੁਕਾਬਲਿਆਂ ਦਾ ਭਰਪੂਰ ਅਨੰਦ ਮਾਣਿਆ |