03-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-04-2026

ਭਾਸ਼ਾ ਵਿਭਾਗ ਪੰਜਾਬ ਵਲੋਂ ਡਾ. ਦੀਵਾਨ ਸਿੰਘ ਕਾਲੇਪਾਣੀ ਸੰਬੰਧੀ ਸਮਾਗਮ ਕਰਵਾਇਆ <br/>

Ad Position 21
No active advertisement
ਅਜੀਤ ਡੈਸਕ 20-04-2026
ਪਟਿਆਲਾ, 19 ਅਪ੍ਰੈਲ (ਗੁਰਵਿੰਦਰ ਸਿੰਘ ਔਲਖ)-ਭਾਸ਼ਾ ਵਿਭਾਗ ਪੰਜਾਬ ਵਲੋਂ ਡਾਇਰੈਕਟਰ ਜਸਵੰਤ ਸਿੰਘ ਜ਼ਫ਼ਰ ਦੀ ਅਗਵਾਈ ਹੇਠ ਭਾਸ਼ਾ ਭਵਨ ਵਿਖੇ ਉੱਘੇ ਦੇਸ਼ ਭਗਤ ਤੇ ਸਾਹਿਤਕਾਰ ਡਾ. ਦੀਵਾਨ ਸਿੰਘ ਕਾਲੇਪਾਣੀ ਸੰਬੰਧੀ ਸਮਾਗਮ ਕਰਵਾਇਆ ਗਿਆ | ਇਸ ਮੌਕੇ ਉੱਘੇ ਨਾਟਕਕਾਰ ਡਾ. ਆਤਮਜੀਤ ਵਲੋਂ ਨਾਟਕ 'ਕਿਸ਼ਤੀਆਂ ਵਿਚ ਜਹਾਜ਼' ਦੇ ਪਾਠ ਰਾਹੀਂ ਡਾ. ਕਾਲੇਪਾਣੀ ਦੇ ਜੀਵਨ, ਸੰਘਰਸ਼ ਅਤੇ ਕੁਰਬਾਨੀ ਦੀ ਦਿਲਕਸ਼ ਪੇਸ਼ਕਾਰੀ ਕੀਤੀ ਗਈ | ਸਮਾਗਮ ਦੀ ਪ੍ਰਧਾਨਗੀ ਪ੍ਰੋ. ਕਿਰਪਾਲ ਕਜ਼ਾਕ ਨੇ ਕੀਤੀ, ਜਦਕਿ ਵੱਡੀ ਗਿਣਤੀ ਵਿਚ ਸਾਹਿਤਕਾਰ, ਰੰਗਕਰਮੀ ਅਤੇ ਸਾਹਿਤ ਰਸੀਏ ਹਾਜ਼ਰ ਸਨ | ਇਸ ਸਮਾਗਮ ਨਾਲ ਵਿਭਾਗ ਵਲੋਂ ਸਾਲ 2026-27 ਦੇ ਸਾਂਸਕਿ੍ਤਿਕ ਕਾਰਜਕ੍ਰਮਾਂ ਦੀ ਸ਼ੁਰੂਆਤ ਵੀ ਕੀਤੀ ਗਈ | ਜਸਵੰਤ ਸਿੰਘ ਜ਼ਫ਼ਰ ਨੇ 'ਕਾਲੇਪਾਣੀ ਦਾ ਹੰਸ' ਸਿਰਲੇਖ ਹੇਠ ਆਪਣੇ ਸੰਬੋਧਨ ਵਿਚ ਡਾ. ਦੀਵਾਨ ਸਿੰਘ ਕਾਲੇਪਾਣੀ ਦੇ ਜੀਵਨ, ਸਾਹਿਤਕ ਯੋਗਦਾਨ ਅਤੇ ਕੁਰਬਾਨੀ ਸਬੰਧੀ ਵਿਸਥਾਰ ਨਾਲ ਚਾਨਣਾ ਪਾਇਆ | ਉਨ੍ਹਾਂ ਕਿਹਾ ਕਿ ਡਾ. ਕਾਲੇਪਾਣੀ ਭਾਈਚਾਰਕ ਸਾਂਝ, ਦੇਸ਼ ਭਗਤੀ ਅਤੇ ਲਿਆਕਤ ਦਾ ਮੁਜੱਸਮਾ ਸਨ | ਉਨ੍ਹਾਂ ਨੇ ਆਪਣੇ ਜੀਵਨ ਦੌਰਾਨ ਸੱਚੀ-ਸੁੱਚੀ ਕਿਰਤ, ਸਿੱਖ ਹੋਣ ਅਤੇ ਪੰਜਾਬੀ ਸਭਿਆਚਾਰ ਨਾਲ ਜੁੜੀਆਂ ਮਿਸਾਲਾਂ ਕਾਇਮ ਕੀਤੀਆਂ | ਉਨ੍ਹਾਂ ਦੱਸਿਆ ਕਿ ਅੰਡੇਮਾਨ ਵਿਚ ਰਹਿੰਦੇ ਹੋਏ ਡਾ. ਕਾਲੇਪਾਣੀ ਨੇ ਹੋਰਨਾਂ ਧਰਮਾਂ ਦੇ ਲੋਕਾਂ ਨਾਲ ਮਿਲ ਕੇ ਗੁਰਦੁਆਰਾ ਸਾਹਿਬ ਦੀ ਸਥਾਪਨਾ ਕੀਤੀ ਅਤੇ ਖ਼ਾਲਸਾ ਸਕੂਲ ਵੀ ਚਲਾਇਆ, ਜੋ ਅੱਜ ਵੀ ਉਨ੍ਹਾਂ ਦੇ ਨਾਮ ਨਾਲ ਜਾਣਿਆ ਜਾਂਦਾ ਹੈ | ਡਾ. ਆਤਮਜੀਤ ਨੇ ਆਪਣੇ ਨਾਟਕ ਪਾਠ ਰਾਹੀਂ ਡਾ. ਕਾਲੇਪਾਣੀ ਦੇ ਜੀਵਨ ਦੀਆਂ ਅਣਛੋਹੀਆਂ ਘਟਨਾਵਾਂ ਨੂੰ ਰੂਪਮਾਨ ਕੀਤਾ | ਨਾਟਕ ਵਿਚ ਸੰਗੀਤਕ ਛੋਹ ਅਤੇ ਕਾਵਿ ਟੁਕੜੀਆਂ ਰਾਹੀਂ ਕਹਾਣੀ ਨੂੰ ਅੱਗੇ ਵਧਾਇਆ ਗਿਆ, ਜਿਸ ਨਾਲ ਦਰਸ਼ਕਾਂ ਨੇ ਭਰਪੂਰ ਰੁਚੀ ਦਿਖਾਈ | ਨਾਟਕ ਦੇ ਸੰਵਾਦਾਂ 'ਸਿਰ 'ਤੇ ਪੱਗ, ਮੱਥੇ 'ਚ ਜੱਗ', 'ਜ਼ਿੰਦਗੀ ਇਕ ਕਰਜ਼ ਹੈ, ਜ਼ਿੰਦਗੀ ਇਕ ਫ਼ਰਜ਼ ਹੈ', 'ਸਦਾਚਾਰ ਦੀ ਜੰਗ ਲੜਨ ਵਾਲਾ ਵੱਡਾ ਫ਼ੌਜੀ' ਆਦਿ ਨੇ ਹਾਜ਼ਰੀਨ ਨੂੰ ਪ੍ਰਭਾਵਿਤ ਕੀਤਾ | ਪ੍ਰੋ. ਕਿਰਪਾਲ ਕਜ਼ਾਕ ਨੇ ਆਪਣੇ ਪ੍ਰਧਾਨਗੀ ਸੰਬੋਧਨ ਵਿਚ ਕਿਹਾ ਕਿ ਨਾਟਕ ਵਿਧਾ ਨੂੰ ਯਥਾਰਥ ਦੇ ਨੇੜੇ ਰੱਖਣਾ ਪੈਂਦਾ ਹੈ ਅਤੇ ਡਾ. ਆਤਮਜੀਤ ਨੇ ਆਪਣੇ ਨਾਟਕ ਰਾਹੀਂ ਡਾ. ਕਾਲੇਪਾਣੀ ਦੇ ਜੀਵਨ ਸੰਘਰਸ਼ ਨੂੰ ਬਹੁਤ ਸੁੰਦਰ ਢੰਗ ਨਾਲ ਪੇਸ਼ ਕੀਤਾ ਹੈ | ਉਨ੍ਹਾਂ ਕਿਹਾ ਕਿ ਇਸ ਨਾਟਕ ਰਾਹੀਂ ਆਜ਼ਾਦੀ ਸੰਘਰਸ਼ ਦੀਆਂ ਕਈ ਅਣਛੋਹੀਆਂ ਘਟਨਾਵਾਂ ਵੀ ਸਾਹਮਣੇ ਆਈਆਂ ਹਨ, ਜਿਸ ਨਾਲ ਇਹ ਰਚਨਾ ਬਹੁਪਰਤੀ ਬਣਦੀ ਹੈ | ਇਸ ਮੌਕੇ ਪਦਮ ਸ੍ਰੀ ਪ੍ਰਾਣ ਸਭਰਵਾਲ, ਰੰਗਕਰਮੀ ਰਾਜੇਸ਼ ਸ਼ਰਮਾ, ਹਰਜੀਤ ਕੈਂਥ, ਰਾਜਿੰਦਰ ਸਿੰਘ ਛਿੰਦਾ (ਆਸਟ੍ਰੇਲੀਆ), ਸ਼੍ਰੋਮਣੀ ਕਵੀ ਬਲਵਿੰਦਰ ਸੰਧੂ, ਡਾ. ਸੁਰਜੀਤ ਸਿੰਘ, ਡਾ. ਅਤੈ ਸਿੰਘ, ਡਾ. ਸੁਨੀਲ ਭਾਟੀਆ (ਦਿੱਲੀ), ਡਾ. ਬਲਵੀਰ ਕੌਰ ਪੰਧੇਰ, ਗੁਰਚਰਨ ਪਬਰਾਲੀ, ਅਵਤਾਰਜੀਤ ਸਿੰਘ, ਪ੍ਰੋ. ਘੁੰਮਣ, ਭਾਸ਼ੋ, ਭਾਸ਼ਾ ਵਿਭਾਗ ਦੇ ਡਿਪਟੀ ਡਾਇਰੈਕਟਰ ਆਲੋਕ ਚਾਵਲਾ, ਸਹਾਇਕ ਡਾਇਰੈਕਟਰ ਅਮਰਿੰਦਰ ਸਿੰਘ, ਸੁਖਪ੍ਰੀਤ ਕੌਰ, ਤੇਜਿੰਦਰ ਸਿੰਘ ਗਿੱਲ, ਸੁਰਿੰਦਰ ਕੌਰ ਅਤੇ ਜਸਪ੍ਰੀਤ ਕੌਰ ਸਮੇਤ ਵੱਡੀ ਗਿਣਤੀ ਵਿਚ ਸਾਹਿਤ ਰਸੀਏ ਸ਼ਾਮਲ ਸਨ | ਅੰਤ 'ਚ ਮਹਿਮਾਨਾਂ ਨੂੰ ਸ਼ਾਲਾਂ ਅਤੇ ਪੁਸਤਕਾਂ ਦੇ ਸੈੱਟ ਭੇਟ ਕਰਕੇ ਸਨਮਾਨਿਤ ਕੀਤਾ ਗਿਆ, ਜਦਕਿ ਮੰਚ ਸੰਚਾਲਨ ਡਾ. ਸੁਖਦਰਸ਼ਨ ਸਿੰਘ ਚਹਿਲ ਵਲੋਂ ਕੀਤਾ ਗਿਆ |

Ad Position 22
No active advertisement
ਪਿਛਲੀ ਖ਼ਬਰ ਬਹਾਵਲਪੁਰੀ ਭਾਈਚਾਰੇ ਦਾ ਦੇਸ਼ ਦੀ ਤਰੱਕੀ ਵਿਚ ਅਹਿਮ ਯੋਗਦਾਨ- ਹਰਪਾਲ ਜੁਨੇਜਾ <br/> ਅਗਲੀ ਖ਼ਬਰ ਜਗਤ ਗੁਰੂ ਨਾਨਕ ਦੇਵ ਪੰਜਾਬ ਰਾਜ ਓਪਨ ਯੂਨੀਵਰਸਿਟੀ ਨੇ ਯੂ.ਜੀ.ਸੀ ਦਾ ਵੱਕਾਰੀ 12ਬੀ ਦਰਜਾ ਪ੍ਰਾਪਤ ਕੀਤਾ <br/>
Ad Position 24