ਘਨੌਰ, 21 ਅਪ੍ਰੈਲ (ਸਰਦਾਰਾ ਸਿੰਘ ਲਾਛੜੂ)-ਜਿਸ ਤਰ੍ਹਾਂ ਸਾਡੇ ਪੁਰਖੇ ਸਾਡੇ ਲਈ ਦਰਖਤਾਂ ਦੀ ਭਰਮਾਰ ਦੇ ਰੂਪ ਵਿਚ ਸਾਨੂੰ ਸ਼ੁੱਧ ਵਾਤਾਵਰਨ ਦੇ ਕੇ ਗਏ ਸਨ ਉਸੇ ਤਰ੍ਹਾਂ ਅਗਲੀ ਪੀੜ੍ਹੀ ਲਈ ਸ਼ੁੱਧ ਵਾਤਾਵਰਨ ਦੇ ਕੇ ਜਾਣਾ ਸਾਡੇ ਸਭ ਦਾ ਫ਼ਰਜ਼ ਹੈ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਟਕਸਾਲੀ ਕਾਂਗਰਸੀ ਆਗੂ ਅਤੇ ਉੱਘੇ ਸਮਾਜ ਸੇਵੀ ਪੰਡਿਤ ਸੁਦੇਸ਼ ਸ਼ਰਮਾ ਵਲੋਂ ਘਨੌਰ ਦੇ ਹਸਪਤਾਲ, ਸਮਸ਼ਾਨ ਘਾਟ ਅਤੇ ਗਊਸ਼ਾਲਾ ਵਿਖੇ ਰੁੱਖ ਲਗਾਉਣ ਉਪਰੰਤ ਕੀਤਾ ਗਿਆ | ਇਸ ਮੌਕੇ ਯੂਨੀਵਰਸਿਟੀ ਕਾਲਜ ਦੇ ਪਿ੍ੰਸੀਪਲ ਡਾਕਟਰ ਲਖਬੀਰ ਸਿੰਘ ਗਿੱਲ ਅਤੇ ਪਿ੍ਤਪਾਲ ਸ਼ਰਮਾ ਵੀ ਉਨ੍ਹਾਂ ਦੇ ਨਾਲ ਸਨ | ਉਨ੍ਹਾਂ ਕਿਹਾ ਕਿ ਅੱਜ ਸਾਡੇ ਪੰਜਾਬ ਸਾਰੇ ਭਾਰਤ ਦੀ ਹਵਾ ਅਤੇ ਪਾਣੀ ਪ੍ਰਦੂਸ਼ਿਤ ਹੋ ਚੁੱਕੀ ਹੈ | ਸ਼ਰਮਾ ਨੇ ਕਿਹਾ ਕਿ ਥੋੜੇ ਸਮੇਂ ਬਾਅਦ ਆਉਣ ਵਾਲੇ ਮਾਨਸੂਨ ਦੇ ਸੀਜ਼ਨ ਵਿਚ ਹੁਣ ਲਗਾਏ ਬੂਟੇ ਆਸਾਨੀ ਨਾਲ ਚੱਲ ਜਾਣਗੇ | ਉਨ੍ਹਾਂ ਹੋਰ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਵਾਤਾਵਰਨ ਦੀ ਸਾਂਭ ਸੰਭਾਲ ਲਈ ਵੱਧ ਤੋਂ ਵੱਧ ਰੁੱਖ ਲਗਾ ਕੇ ਘੱਟ ਤੋਂ ਘੱਟ ਪ੍ਰਦੂਸ਼ਣ ਪੈਦਾ ਕਰਨ |